ਸਿੱਖਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ 80 ਜਾਅਲੀ ਸੋਸ਼ਲ ਮੀਡੀਆ ਅਕਾਊਂਟ ਬੰਦ

197
Share

ਲੰਡਨ, 25 ਨਵੰਬਰ (ਪੰਜਾਬ ਮੇਲ)-ਸੋਸ਼ਲ ਮੀਡੀਆ ਦੀ ਅਕਸਰ ਗਲਤ ਅਨਸਰਾਂ ਵੱਲੋਂ ਦੁਰਵਰਤੋਂ ਕੀਤੀ ਜਾਂਦੀ ਹੈ। ਬੀ.ਬੀ.ਸੀ. ਦੀ ਇਕ ਤਾਜ਼ਾ ਰਿਪੋਰਟ ’ਚ ਸਿੱਖਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਅਜਿਹੇ ਸੋਸ਼ਲ ਮੀਡੀਆ ਖ਼ਾਤਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਖਾਤਿਆਂ ਦੀ ਹਿੰਦੂ ਰਾਸ਼ਟਰਵਾਦ ਅਤੇ ਭਾਰਤ ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਵਰਤੋਂ ਕੀਤੀ ਗਈ। ਰਿਪੋਰਟ ਦੇ ਲੇਖਕ ਬੈਂਜਾਮਿਨ ਸਟਿ੍ਰਕ ਅਨੁਸਾਰ ਇਸ ਨੈੱਟਵਰਕ ਦਾ ਉਦੇਸ਼ ਸਿੱਖ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦੇ ਆਲੇ-ਦੁਆਲੇ ਮਹੱਤਵਪੂਰਨ ਮੁੱਦਿਆਂ ਤੇ ਧਾਰਨਾਵਾਂ ਨੂੰ ਬਦਲਣਾ ਸੀ। ਭਾਵੇਂ ਕਿ ਇਸ ਨੈੱਟਵਰਕ ਦਾ ਭਾਰਤ ਸਰਕਾਰ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਸਰਕਾਰ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ਖਾਤਿਆਂ ਦੇ ਪ੍ਰੋਫਾਈਲਾਂ ’ਚ ਪੰਜਾਬੀ ਫ਼ਿਲਮੀ ਅਦਾਕਰਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ, ਸਿੱਖ ਨਾਵਾਂ ਦੀ ਵਰਤੋਂ ਕੀਤੀ ਗਈ ਸੀ। ਇਥੋਂ ਤੱਕ ਕਿ ਬਹੁਤ ਸਾਰੇ ਖਾਤਿਆਂ ਦੀ ਸਮੱਗਰੀ ਅਤੇ ਭਾਸ਼ਾ ਵੀ ਇਕੋ ਜਿਹੀ ਹੀ ਸੀ। ਇਨ੍ਹਾਂ ਖਾਤਿਆਂ ’ਚ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਐੱਮ.ਪੀ. ਪ੍ਰੀਤ ਕੌਰ ਗਿੱਲ ਅਤੇ ਕੈਨੇਡੀਅਨ ਸੰਸਦ ਮੈਂਬਰਾਂ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ਖਾਲਿਸਤਾਨ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਹੋਈਆਂ ਸਨ। ਰਿਪੋਰਟ ਅਨੁਸਾਰ ਇਹ ਸੋਸ਼ਲ ਮੀਡੀਆ ਮੁਹਿੰਮ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਲਈ ਇਕ ਵੱਡੇ ਆਪ੍ਰੇਸ਼ਨ ਦਾ ਹਿੱਸਾ ਹੋ ਸਕਦੀ ਹੈ। ਟਵਿੱਟਰ ਅਤੇ ਮੈਟਾ ਨੇ ਵੱਖ-ਵੱਖ ਬਿਆਨਾਂ ’ਚ ਕਿਹਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਕਰਕੇ ਅਤੇ ਜਾਅਲੀ ਖਾਤਿਆਂ ਨੂੰ ਫੇਸਬੁੁੱਕ ਅਤੇ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਗਿਆ ਹੈ।

Share