ਸਿੱਖਾਂ ਦੀ ਹੱਤਿਆ ਦੇ ਵਿਰੋਧ ‘ਚ ਨਨਕਾਣਾ ਸਾਹਿਬ ਤੇ ਪਿਸ਼ਾਵਰ ‘ਚ ਪ੍ਰਦਰਸ਼ਨ

70
ਪਿਸ਼ਾਵਰ ਪ੍ਰੈੱਸ ਕਲੱਬ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕ।
Share

ਅੰਮ੍ਰਿਤਸਰ, 17 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ ‘ਚ ਬੀਤੇ ਦਿਨੀਂ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ (38 ਸਾਲ) ਪੁੱਤਰ ਗੁਰਮੁਖ ਸਿੰਘ ਅਤੇ ਕੁਲਜੀਤ ਸਿੰਘ (42 ਸਾਲ) ਪੁੱਤਰ ਅਵਤਾਰ ਸਿੰਘ ਦੀ ਹੱਤਿਆ ਦੇ ਵਿਰੋਧ ‘ਚ ਪਾਕਿ ਸਿੱਖ ਭਾਈਚਾਰੇ ਨੇ ਪਿਸ਼ਾਵਰ ਪ੍ਰੈੱਸ ਕਲੱਬ ਅਤੇ ਸ੍ਰੀ ਨਨਕਾਣਾ ਸਾਹਿਬ ‘ਚ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਤਾਜ਼ਾ ਘਟਨਾ ਨਾਲ ਪਾਕਿ ਸਿੱਖਾਂ ‘ਚ ਇਕ ਵਾਰ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੈਰ-ਮੁਸਲਿਮ ਲੋਕਾਂ ਖ਼ਾਸ ਕਰਕੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਯਕੀਨੀ ਕਦਮ ਚੁੱਕੇ ਜਾਣ। ਦੱਸਣਯੋਗ ਹੈ ਕਿ ਹੱਤਿਆਵਾਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫ਼ਗਾਨ ਸ਼ਾਖਾ ਇਸਲਾਮਿਕ ਸਟੇਟ ਵਿਲਯਾਹ ਖ਼ੁਰਾਸਾਨ (ਆਈ.ਐੱਸ.ਕੇ.ਪੀ.) ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖ਼ੁਰਾਸਾਨ ਪ੍ਰਾਂਤ ਵੀ ਕਿਹਾ ਜਾਂਦਾ ਹੈ। ਆਈ.ਐੱਸ.ਕੇ.ਪੀ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੰਦੂਕਧਾਰੀਆਂ ਨੇ ਉਕਤ ਦੋਵੇਂ ਸਿੱਖ ਕਾਰੋਬਾਰੀਆਂ ਦੀ ਹੱਤਿਆ ਕੀਤੀ। ਇਸੇ ਸੰਗਠਨ ਨੇ ਪਿਸ਼ਾਵਰ ਦੀ ਚਾਰਸਦਾ ਰੋਡ ‘ਤੇ ਸਥਿਤ ਖ਼ਾਲਸਾ ਯੂਨਾਨੀ ਦਵਾਖ਼ਾਨਾ ਵਿਖੇ ਹਕੀਮ ਸਤਨਾਮ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਵੀ ਸੂਬਾ ਖ਼ੈਬਰ ਪਖਤੂਨਖਵਾ ‘ਚ ਸਿੱਖ ਆਗੂ ਚਰਨਜੀਤ ਸਿੰਘ, ਸੂਚਨਾ ਚੈਨਲ ਦੇ ਐਂਕਰ ਰਵਿੰਦਰ ਸਿੰਘ, ਡਾ: ਸੂਰਨ ਸਿੰਘ ਸਮੇਤ ਕਈ ਸਿੱਖਾਂ ਦੀ ਹੱਤਿਆ ਅਤੇ ਲੁੱਟ-ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪੁਲਿਸ ਥਾਣਾ ਸਦਰ ਦੇ ਐੱਸ.ਪੀ. ਅਕੀਕ ਹੁਸੈਨ ਨੇ ਦੱਸਿਆ ਕਿ ਅੱਤਵਾਦ ਰੋਕੂ ਡਵੀਜ਼ਨ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਹਮਲਾ ਸੀ। ਜਿਸ ‘ਚ ਇਕ ਸਿੱਖ ਦੁਕਾਨਦਾਰ ਨੂੰ 3 ਅਤੇ ਦੂਜੇ ਨੂੰ 2 ਗੋਲੀਆਂ ਲੱਗੀਆਂ। ਪੁਲਿਸ ਅਧਿਕਾਰੀ ਮੁਤਾਬਿਕ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਸ਼ੱਕੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਪਿਸ਼ਾਵਰੀ ਸਿੱਖ ਭਾਈਚਾਰੇ ਨੇ ਦੱਸਿਆ ਕਿ ਸੂਬੇ ‘ਚ ਹੋਏ ਪਿਛਲੇ ਹਮਲਿਆਂ ਦੇ ਚੱਲਦਿਆਂ ਪਿਸ਼ਾਵਰ ‘ਚ ਰਹਿੰਦੇ 650-700 ਸਿੱਖ ਪਰਿਵਾਰਾਂ ‘ਚੋਂ 400-500 ਦੇ ਲਗਭਗ ਹਿਜ਼ਰਤ ਕਰਕੇ ਲਾਹੌਰ, ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਜਾਂ ਬਾਹਰੀ ਮੁਲਕਾਂ ‘ਚ ਆਬਾਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖ਼ੌਫ਼ ਦੇ ਮਾਹੌਲ ‘ਚ ਰਹਿ ਕੇ ਉਹ ਆਪਣੇ ਕਾਰੋਬਾਰ ਨਹੀਂ ਚਲਾ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰਾਂ ਦੀ ਦੇਖ-ਰੇਖ ਹੀ ਕਰ ਸਕਣਗੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ‘ਚ ਇਕ ਵਫ਼ਦ ਨੇ ਪਾਕਿਸਤਾਨ ਵਿਚ 2 ਸਿੱਖ ਨੌਜਵਾਨਾਂ ਦੇ ਕਤਲ ਦੇ ਮਾਮਲੇ ‘ਚ ਰਾਜਧਾਨੀ ਦਿੱਲੀ ‘ਚ ਪਾਕਿ ਹਾਈ ਕਮਿਸ਼ਨਰ ਆਫਤਾਬ ਹਸਨ ਖਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤੇ ਪਾਕਿਸਤਾਨ ‘ਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਾਕਿ ਹਾਈ ਕਮਿਸ਼ਨਰ ਨੇ ਮੰਗ-ਪੱਤਰ ਨੂੰ ਪੜ੍ਹਨ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਕਤਲ ‘ਤੇ ਅਫਸੋਸ ਪ੍ਰਗਟ ਕੀਤਾ ਤੇ ਪੀੜਤ ਸਿੱਖ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਸਰਕਾਰ ਕਾਤਲਾਂ ਦੀ ਗੰਭੀਰਤਾ ਨਾਲ ਭਾਲ ਕਰ ਰਹੀ ਹੈ।


Share