ਸਿੱਖਾਂ ਦੀਆਂ ਸੂਚੀਆਂ ਬਣਾਉਣ ਬਾਰੇ ਭਾਰਤੀ ਅੰਬੈਸੀ ਦੇ ਅਧਿਕਾਰੀ ਦੇ ਨਾਂਅ ਹੇਠ ਵਾਇਰਲ ਹੋਈ ਈ ਮੇਲ ਸਬੰਧੀ ਛਪੀ ਖ਼ਬਰ ਤੋਂ ਬਾਅਦ ਯੂ.ਕੇ. ਦੇ ਸਿੱਖ ਹਲਕਿਆਂ ਵਿਚ ਰੋਸ

552
Share

ਜਲੰਧਰ, 25 ਅਕਤੂਬਰ (ਪੰਜਾਬ ਮੇਲ)- ਜਰਮਨੀ ਵਿਚ ਸਿੱਖਾਂ ਦੀਆਂ ਸੂਚੀਆਂ ਬਣਾਉਣ ਬਾਰੇ ਭਾਰਤੀ ਅੰਬੈਸੀ ਦੇ ਇਕ ਅਧਿਕਾਰੀ ਦੇ ਨਾਂਅ ਹੇਠ ਵਾਇਰਲ ਹੋਈ ਈ ਮੇਲ ਸਬੰਧੀ ਛਪੀ ਖ਼ਬਰ ਤੋਂ ਬਾਅਦ ਯੂ.ਕੇ. ਦੇ ਸਿੱਖ ਹਲਕਿਆਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਯੂਰਪ ਦੀ ਵਕੀਲ  ਡਾ: ਮਨੂਵੀ ਵਲੋਂ ਸੋਸ਼ਲ ਮੀਡੀਆ ‘ਤੇ ਉਕਤ ਈ ਮੇਲ ਸਾਂਝੀ ਕਰਦਿਆਂ ਸਵਾਲ ਉਠਾਇਆ ਹੈ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ, ਕਿਉਂ ਨਹੀਂ ਸਿੱਖ ਭਾਈਚਾਰੇ ਨੂੰ ਖੁਦ ਸੱਦ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ। ਸਿੱਖ ਫੈਡਰੇਸ਼ਨ ਯੂ.ਕੇ., ਯੂਨਾਈਟਡ ਖਾਲਸਾ ਦਲ ਯੂ.ਕੇ. ਨੇ ਕਿਹਾ ਹੈ ਕਿ ਅਜਿਹੀ ਜਾਣਕਾਰੀ ਇਕੱਤਰ ਕਰਨ ਦਾ ਮਤਲਬ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਨਿੱਜੀ ਜਾਣਕਾਰੀ ਇਕੱਤਰ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਉਕਤ ਆਗੂਆਂ ਨੇ ਇਸ ਮਾਮਲੇ ਨੂੰ ਉਜਾਗਰ ਕਰਨ ਵਾਲੀ ਡਾ: ਮਨੂਵੀ ਦਾ ਵੀ ਧੰਨਵਾਦ ਕੀਤਾ ਅਤੇ ਨਾਲ ਹੀ ਜਰਮਨੀ ਅਤੇ ਯੂ.ਕੇ. ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਸਮੇਂ ਸਮੇਂ ਖ਼ਤਮ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ ਅਤੇ ਆਖਰੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 312 ਸਿੱਖਾਂ ਦੇ ਨਾਂਅ ਸੂਚੀ ਵਿਚੋਂ ਕੱਢ ਦਿੱਤੇ ਗਏ ਸਨ, ਸਿਰਫ ਦੋ ਨਾਂਅ ਹੀ ਹੁਣ ਕਾਲੀ ਸੂਚੀ ਵਿਚ ਹਨ। ਪਰ ਉਹ ਦੋ ਕੌਣ ਹਨ ਅਜੇ ਤੱਕ ਬੁਝਾਰਤ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜੂਨ 1984 ਤੋਂ ਬਾਅਦ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਤਿਆਰ ਹੋਣ ਲੱਗੀਆਂ ਸਨ, ਪਰ ਕਦੇ ਵੀ ਕਾਲੀ ਸੂਚੀ ਜਨਤਕ ਰੂਪ ਵਿਚ ਸਾਹਮਣੇ ਨਹੀਂ ਆਈ ਸੀ।
ਜਦ  ਇਸ ਮੁੱਦੇ ‘ਤੇ ਤੱਥਾਂ ਦੀ ਜਾਣਕਾਰੀ ਹਾਸਲ ਕਰਦਿਆਂ ਕੌਂਸਲੇਟ ਜਨਰਲ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਤਾਂ ਹਮਬਰਗ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਪ੍ਰਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਸੰਦੇਸ਼ ਨੂੰ ਵਾਪਸ ਲੈ ਲਿਆ ਗਿਆ ਹੈ ਹਾਲਾਂਕਿ ਇਹ ਅਭਿਆਸ ਚੰਗੇ ਇਰਾਦੇ ਕਰਕੇ ਸੀ।

Share