ਸਿੱਕਮ ’ਚ ਭਾਰਤ ਤੇ ਚੀਨੀ ਫੌਜੀਆਂ ਦਰਮਿਆਨ ਝੜਪ

441
Share

ਚਾਰ ਭਾਰਤੀ ਤੇ 20 ਚੀਨੀ ਫੌਜੀ ਹੋਏ ਜ਼ਖ਼ਮੀ

ਨਵੀਂ ਦਿੱਲੀ, 25 ਜਨਵਰੀ (ਪੰਜਾਬ ਮੇਲ)- ਸਰਕਾਰ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਉੱਤਰੀ ਸਿੱਕਮ ਵਿੱਚ ਪਿਛਲੇ ਹਫ਼ਤੇ ਨਾਕੂ ਲਾ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਝੜਪ ਹੋਈ ਸੀ। ਉਂਜ ਹਾਲ ਦੀ ਘੜੀ ਹਾਲਾਤ ਕੰਟਰੋਲ ਹੇਠ ਹਨ। ਰਿਪੋਰਟਾਂ ਮੁਤਾਬਕ ਝੜਪ ’ਚ ਚਾਰ ਭਾਰਤੀ ਤੇ 20 ਚੀਨੀ ਫੌਜੀ ਜ਼ਖ਼ਮੀ ਹੋਏ ਹਨ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੈਂਗੌਂਗ ਝੀਲ, ਗਲਵਾਨ, ਗੋਗਰਾ ਤੇ ਹੌਟ ਸਪਰਿੰਗਜ਼ ਵਾਂਗ ਨਾਕੂ ਲਾ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਉਨ੍ਹਾਂ ਖੇਤਰਾਂ ’ਚ ਸ਼ੁਮਾਰ ਹੈ, ਜਿੱਥੇ ਪਿਛਲੇ ਸਾਲ ਮਈ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਣਾਅ ਤੇ ਤਲਖੀ ਸਿਖਰਾਂ ’ਤੇ ਹੈ। ਸੂਤਰਾਂ ਮੁਤਾਬਕ ਤਿੰਨ ਦਿਨ ਪਹਿਲਾਂ ਚੀਨ ਦੀ ਇਕ ਗਸ਼ਤੀ ਟੁਕੜੀ ਨੇ ਭਾਰਤੀ ਖੇਤਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਫੌਜੀਆਂ ਨੇ ਨਾਕਾਮ ਕਰ ਦਿੱਤਾ। ਭਾਰਤੀ ਥਲ ਸੈਨਾ ਨੇ ਇਕ ਬਿਆਨ ਵਿੱਚ ਕਿਹਾ, ‘ਸਾਨੂੰ ਸਿੱਕਮ ਸੈਕਟਰ ਵਿੱਚ ਭਾਰਤੀ ਥਲ ਸੈਲਾ ਤੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਵਿਚਾਲੇ ਟਕਰਾਅ ਨੂੰ ਲੈ ਕੇ ਕਈ ਸਵਾਲ ਪੁੱਛੇ ਗੲੇ ਹਨ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 20 ਜਨਵਰੀ ਨੂੰ ਉੱਤਰੀ ਸਿੱਕਮ ਦੇ ਨਾਕੂ ਲਾ ਖੇਤਰ ਵਿੱਚ ਦੋਵਾਂ ਧਿਰਾਂ ’ਚ ਮਾਮੂਲੀ ਟਕਰਾਅ ਵਾਲੇ ਹਾਲਾਤ ਬਣੇ ਸਨ, ਜਿਸ ਨੂੰ ਮੁਕਾਮੀ ਕਮਾਂਡਰਾਂ ਨੇ ਸਥਾਪਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੁਲਝਾ ਲਿਆ।’ 19000 ਫੁਟ ਦੀ ਉਚਾਈ ’ਤੇ ਸਥਾਪਤ ਨਾਕੁ ਲਾ ਦੱਰਾ ਸਿੱਕਮ ਨੂੰ ਚੀਨ ਦੇ ਤਿੱਬਤ ਖੇਤਰ ਨਾਲ ਜੋੜਦਾ ਹੈ ਤੇ ਇਸ ਨੂੰ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ।

ਸਰਕਾਰੀ ਸੂਤਰ ਨੇ ਦਾਅਵਾ ਕੀਤਾ ਕਿ ਇਹ ਝੜਪ ਪਿਛਲੇ ਹਫ਼ਤੇ ਹੋਈ ਸੀ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਤੇ ਫੌਜਾਂ 3488 ਕਿਲੋਮੀਟਰ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਵਿਵਾਦਿਤ ਸਰਹੱਦੀ ਇਲਾਕੇ ਦੇ ਮੁੱਦੇ ਨੂੰ ਇਕ ਹੋਰ ਗੇੜ ਦੀ ਗੱਲਬਾਤ ਨਾਲ ਸੁਲਝਾਉਣ ਲਈ ਯਤਨਸ਼ੀਲ ਹਨ। ਇਸ ਤੋਂ ਪਹਿਲਾਂ 15 ਜੂਨ 2020 ਨੂੰ ਗਲਵਾਨ ਘਾਟੀ ’ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨਾਲ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ 20 ਫੌਜੀਆਂ ਦੀ ਜਾਨ ਜਾਂਦੀ ਰਹੀ ਸੀ। ਚੇਤੇ ਰਹੇ ਕਿ ਭਾਰਤ ਤੇ ਚੀਨ ਨੇ ਨੌਂ ਮਹੀਨਿਆਂ ਤੋਂ ਜਾਰੀ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਐਤਵਾਰ ਨੂੰ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਕੀਤੀ ਸੀ। ਲੱਦਾਖ ਖੇਤਰ ਦੇ ਮੋਲਡੋ ਮੀਟਿੰਗ ਪੁਆਇੰਟ ’ਤੇ ਹੋਈ ਇਹ ਗੱਲਬਾਤ 16 ਘੰਟੇ ਦੇ ਕਰੀਬ ਚੱਲੀ ਸੀ।


Share