ਸਿੰਘੂ ਮੋਰਚਾ: ਕਿਸਾਨਾਂ ਨੇ ਪ੍ਰਤੀਕ ਵਜੋਂ 100 ਦੇ ਕਰੀਬ ਆਰਜ਼ੀ ਪਿੰਡ ਵਸਾਏ

80
ਦੁਆਬੇ ਦੇ ਕਿਸਾਨਾਂ ਵੱਲੋਂ ਬਣਾਏ ਸਾਂਝੇ ਆਰਜ਼ੀ ਪਿੰਡ।
Share

– ‘0’ ਕਿਲੋਮੀਟਰ ਦੇ ਮੀਲ-ਪੱਥਰ ਬਣਾ ਕੇ ਆਪਣੇ ਟਿਕਾਣਿਆਂ ਦੀ ਕੀਤੀ ਨਿਸ਼ਾਨਦੇਹੀ
– ਪਿੰਡਾਂ ਦੇ ਨਾਂ ਵਾਲੀਆਂ ਤਖਤੀਆਂ ਟੈਂਟਾਂ ਬਾਹਰ ਲਟਕਾਈਆਂ
ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਦਿੱਲੀ ਦੀਆਂ ਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਇੱਥੇ ਪ੍ਰਤੀਕ ਵਜੋਂ ਆਰਜ਼ੀ ਪਿੰਡ ਵੀ ਵਸਾ ਲਏ ਹਨ। ਪਹਿਲਾਂ ਇਹ ਵਰਤਾਰਾ ਟਿਕਰੀ ’ਚ ਸ਼ੁਰੂ ਹੋਇਆ ਸੀ ਤੇ ਫਿਰ ਸਿੰਘੂ ਤੇ ਗਾਜ਼ੀਪੁਰ ਦੇ ਮੋਰਚਿਆਂ ਦੇ ਕਿਸਾਨਾਂ ਨੇ ਵੀ ਆਪਣੇ ਮੋਰਚਿਆਂ ਉੱਪਰ ਪਛਾਣ ਕਾਇਮ ਕਰਨ ਲਈ ਪਿੰਡਾਂ ਦੇ ਨਾਂ ’ਤੇ ਆਰਜ਼ੀ ਟਿਕਾਣੇ ਬਣਾ ਲਏ ਹਨ।
ਸਿੰਘੂ ਬਾਰਡਰ ’ਤੇ ਕਰੀਬ 100 ਪਿੰਡਾਂ ਵਾਲਿਆਂ ਨੇ ਆਪਣੀਆਂ ਬਾਂਸਾਂ ਦੀਆਂ ਝੌਂਪੜੀਆਂ ਨੂੰ ਆਪਣੇ ਪਿੰਡਾਂ ਦੇ ਨਾਂ ਦੇ ਦਿੱਤੇ ਹਨ। ਕੌਮੀ ਸ਼ਾਹ ਰਾਹ ਨੰਬਰ-1 ਉਪਰ 7 ਕਿਲੋਮੀਟਰ ਤੋਂ ਵੱਧ ਫੈਲੇ ਸਿੰਘੂ ਮੋਰਚੇ ਉੱਪਰ ਕਿਸਾਨਾਂ ਨੇ ‘0’ ਕਿਲੋਮੀਟਰ ਦੇ ਮੀਲ-ਪੱਥਰ ਬਣਾ ਕੇ ਆਪਣੇ ਟਿਕਾਣਿਆਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ। ਥਾਂ-ਥਾਂ ਇਹ ਸਿਫ਼ਰ ਵਾਲੇ ਫੱਟੇ ਦੇਖੇ ਜਾ ਸਕਦੇ ਹਨ।
ਦੁਆਬੇ ਦੇ ਕਿਸਾਨਾਂ ਨੇ ਤਾਂ ਸ਼ਾਦੀਪੁਰ, ਪਾਸਲਾ, ਗੁਰਾਇਆ, ਨਵਾਂ ਪਿੰਡ ਨਾਇਰਾ ਦੇ ਬੋਰਡ ਵੱਡੀ ਝੌਂਪੜੀ ਉੱਪਰ ਲਾ ਕੇ ਆਪਣੇ ਇਲਾਕੇ ਦੀ ਹੀ ਸਿੰਘੂ ’ਤੇ ਧਾਂਕ ਜਮਾ ਦਿੱਤੀ ਹੈ। ਕਈ ਕਿਸਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਉਹ ਬੇਗਾਨਗੀ ਮਹਿਸੂਸ ਨਹੀਂ ਕਰਦੇ ਤੇ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕਿਸ ਇਲਾਕੇ ਦੇ ਕਿਸਾਨ ਇੱਥੇ ਟਿਕੇ ਹੋਏ ਹਨ।

Share