ਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨ ਪੁਲਿਸ ਨੇ ਇਤਿਹਾਸਕ ਰਿੱਜ ਤੋਂ ਹਿਰਾਸਤ ’ਚ ਲਏ

398
Share

ਸ਼ਿਮਲਾ, 19 ਜਨਵਰੀ (ਪੰਜਾਬ ਮੇਲ)- ਇਥੋਂ ਦੇ ਪੰਜਾਬੀਆਂ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰਨ ਤੇ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਲਈ ਦਿੱਲੀ ਦੇ ਨਜ਼ਦੀਕ ਸਿੰਘੂ ਬਾਰਡਰ ਤੋਂ ਸ਼ਿਮਲਾ ਆਏ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਇਥੋਂ ਦੇ ਇਤਿਹਾਸਕ ਰਿੱਜ ਤੋਂ ਹਿਰਾਸਤ ਵਿੱਚ ਲੈ ਲਿਆ। ਮੁਹਾਲੀ ਵਾਸੀ ਇਨ੍ਹਾਂ ਕਿਸਾਨਾਂ ਨੂੰ ਜਦੋਂ ਪੁਲਿਸ ਨੇ ਕਾਬੂ ਕੀਤਾ, ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਮਾਹੌਲ ਤਲਖ਼ੀ ਭਰਿਆ ਹੋ ਗਿਆ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਤਾਂ ਕਿਸਾਨਾਂ ਨੇ ਕਿਹਾ, ‘‘ਅਸੀਂ ਸਿਰਫ ਤਿੰਨ ਵਿਅਕਤੀ ਹਾਂ ਅਤੇ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਅਰੇਬਾਜ਼ੀ ਵੀ ਨਹੀਂ ਕੀਤੀ। ਇਹ ਸਾਡੇ ਵਿਚਾਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। ਕੀ ਇਹ ਲੋਕਤੰਤਰ ਹੈ? ਕੀ ਅਸੀਂ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ?’’ ਸ਼ਿਮਲਾ ਦੇ ਐੱਸ.ਪੀ. ਮੋਹਿਤ ਚਾਵਲਾ ਨੇ ਕਿਹਾ ਕਿ ਰਿੱਜ ਅਤੇ ਮਾਲ ਰੋਡ ਮੁੱਖ ਖੇਤਰ ਹਨ, ਜਿਥੇ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਮੀਟਿੰਗ ਦੀ ਮਨਾਹੀ ਹੈ। ਹਿਰਾਸਤ ਵਿਚ ਲਏ ਗਏ ਕਿਸਾਨਾਂ ਨੇ ਪ੍ਰਸ਼ਾਸਨ ਜਾਂ ਪੁਲਿਸ ਤੋਂ ਪ੍ਰਚਾਰ ਸਬੰਧੀ ਪਹਿਲਾਂ ਕੋਈ ਇਜਾਜ਼ਤ ਨਹੀਂ ਮੰਗੀ। ਤਿੰਨਾਂ ਨੂੰ ਸਦਰ ਥਾਣੇ ਲੈ ਜਾਇਆ ਗਿਆ।
ਕਿਸਾਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 107 ਅਤੇ 150 ਦੇ ਤਹਿਤ ਹਿਰਾਸਤ ’ਚ ਲਿਆ ਗਿਆ। ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ, ‘‘ਅਸੀਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਜਾ ਰਹੇ ਹਾਂ ਤਾਂ ਜੋ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਪਰ ਇਥੇ ਪਹਿਲੀ ਵਾਰ ਸਾਡੇ ਨਾਲ ਮਾੜਾ ਸਲੂਕ ਹੋਇਆ ਹੈ। ਸਾਡੇ ਤੋਂ ਬੋਲਣ ਦੀ ਆਜ਼ਾਦੀ ਦਾ ਹੱਕ ਖੋਹ ਲਿਆ।’’

Share