ਸਿੰਘੂ ਬਾਰਡਰ ਘਟਨਾ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਭੂਮਿਕਾ ਦੀ ਰੌਸ਼ਨੀ ’ਚ ਵੇਖਣ ਦੀ ਲੋੜ : ਏ.ਜੀ.ਪੀ.ਸੀ.

246
Share

ਮਿਲਪੀਟਸ, 20 ਅਕਤੂਬਰ (ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਪਣੇ ਬਿਆਨ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਸਾਨੂੰ ਪਹਿਲਾਂ ਸਿੱਖ ਧਰਮ ਦੇ ਕਾਨੂੰਨਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਸਮਝਣ ਤੇ ਵਿਚਾਰਨ ਦੀ ਵੱਡੀ ਲੋੜ ਹੈ, ਇਹ ਮਨਮਰਜ਼ੀ ਦਾ ਮਸਲਾ ਨਹੀਂ ਕਿ ਜਦ ਚਾਹੋ ਇਸ ਵਿਚ ਤਬਦੀਲੀ ਜਾਂ ਸੋਧ ਕਰ ਲਵੋ। ਗੁਰੂ ਸਾਹਿਬ ਨੇ ਸਪੱਸ਼ਟ ਆਦੇਸ਼ ਕੀਤੇ ਹੋਏ ਹਨ, ਜੋ ਧਰਮ ਦੀਆਂ ਪੁਸਤਕਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਪੈਗੰਬਰਾਂ ਦੇ ਸ਼ਹਿਨਸ਼ਾਹ, ਗੁਰੂ ਦਸਮ ਪਾਤਸ਼ਾਹ ਨੇ ਸਪੱਸ਼ਟ ਹੁਕਮ ਕੀਤੇ ਹੋਏ ਹਨ ਕਿ ਜਦ ਸਾਰੀਆਂ ਕੋਸ਼ਿਸ਼ਾਂ ਤੇ ਕਰਮ ਨਿਸਫਲ ਹੋਣ ਤਾਂ ਹੱਥ ਹਥਿਆਰ ਨੂੰ ਪੈਣਾ ਲਾਜ਼ਮੀ ਹੈ ਤੇ ਜਾਇਜ਼ ਹੈ :
‘‘ਚੂ ਕਾਰ ਅਜ ਹਮਾ ਹੀਲਤੇ ਦਰ ਗੁਜਸ਼ਤ॥ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ॥
ਇਸੇ ਇਲਾਹੀ ਹੁਕਮ ਉੱਤੇ ਆਧਾਰਿਤ ਹੀ ਸੰਯੁਕਤ ਰਾਸ਼ਟਰ ਸੰਘ ਦੀ ਭੂਮਿਕਾ ਦਰਜ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਹਰ ਹਾਲਤ ਵਿਚ ਲੋਕਾਂ ਨੂੰ ਦਰੁੱਸਤ ਨਿਆਂ ਦੇਣਾ ਲਾਜ਼ਮੀ ਹੈ, ਪਰ ਜੇ ਸਰਕਾਰਾਂ ਆਪਣੇ ਇਸ ਫਰਜ਼ ਵਿਚ ਕੁਤਾਹੀ ਕਰਨਗੀਆਂ, ਤਾਂ ਕੁਦਰਤੀ ਹੈ ਕਿ ਬਗਾਵਤ ਹੋਵੇਗੀ ਤੇ ਲੋਕ ਨਿਆਂ ਕਰਨ ਦੀ ਸਮਰੱਥਾ ਆਪਣੇ ਹੱਥ ਲੈ ਲੈਣਗੇ ਤੇ ਇਸ ਤਰ੍ਹਾਂ ਦੀ ਬਦਤਰ ਹਾਲਤ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਇਨਸਾਫ ਮਿਲ ਜਾਣਾ ਚਾਹੀਦਾ ਹੈ।
ਬਿਲਕੁਲ ਅਜਿਹਾ ਹੀ ਸਿੱਖ ਧਰਮ ਤੇ ਸਿੱਖ ਕੌਮ ਨਾਲ ਵਾਪਰਿਆ ਹੈ। ਸਰਕਾਰ, ਬਾਦਲਾਂ-ਬੀ.ਜੇ.ਪੀ. ਤੇ ਕਾਂਗਰਸ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਸੂਹੀਆ ਏਜੰਸੀਆਂ ਦੁਆਰਾ ਲਗਾਤਰ ਅਨੇਕਾਂ ਵਾਰ ਬੇਅਦਬੀਆਂ ਹੁੰਦੀਆਂ ਰਹੀਆਂ, ਤੇ ਅੰਤ ਸਿੱਖ ਲੱਖਾਂ ਦੀ ਗਿਣਤੀ ਵਿਚ ਬੇਅਦਬੀਆਂ ਵਾਸਤੇ ਇਨਸਾਫ ਲੈਣ ਲਈ ਗਲੀਆਂ ’ਚ ਉਤਰ ਆਏ। ਬਾਦਲਾਂ ਨੇ ਨਿਆਂ ਤਾਂ ਕੀ ਦੇਣਾ ਸੀ, ਬਲਕਿ ਸ਼ਾਂਤ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ’ਚ ਗੁਰਬਾਣੀ ਦੇ ਜਾਪ ਕਰ ਰਹੀਆਂ ਸੰਗਤਾਂ ਉੱਤੇ ਗੋਲੀਆਂ ਚਲਾ ਕੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਕਿਹਾ ਕਿ ਨਿਆਂ ਹੋਵੇਗਾ ਤੇ ਜ਼ਿੰਮੇਵਾਰਾਂ ਨੂੰ ਫੜਿਆ ਜਾਵੇਗਾ ਪਰ ਕੁਝ ਨਾ ਹੋਇਆ, ਉਲਟਾ ਕਾਂਗਰਸ ਦੇ ਰਾਜ ਵਿਚ ਵੀ ਬੇਅਦਬੀਆਂ ਜਾਰੀ ਰਹੀਆਂ। ਦਿੱਲੀ ਦੀ ਘਟਨਾ ਵਾਸਤੇ ਬਾਦਲ, ਕਾਗਰਸ, ਬੀ.ਜੇ.ਪੀ. ਸਰਕਾਰਾਂ ਜ਼ਿੰਮੇਵਾਰ ਹਨ।
ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਵਾਸਤੇ ਸ਼ਾਖਸਾਤ ਗੁਰੂ ਹਨ ਤੇ ਪ੍ਰਗਟ ਗੁਰਾਂ ਕੀ ਦੇਹ ਹਨ, ਆਖਰ ਕਦ ਤੱਕ ਸਿੱਖ ਬਰਦਾਸ਼ਤ ਕਰਨ? ਅੱਕ ਕੇ ਕਾਨੂੰਨ ਆਪਣੇ ਹੱਥ ਲੈ ਆਪ ਹੀ ਨਿਆਂ ਕਰ ਦਿੱਤਾ, ਕਿਉਂਕਿ ਸਰਕਾਰਾਂ ਬਿਲਕੁਲ ਨਿਆਂ ਦੇ ਕੇ ਰਾਜ਼ੀ ਨਹੀਂ। ਏ.ਜੀ.ਪੀ.ਸੀ. ਦਿੱਲੀ ਵਕੀਲਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਕਾਨੂੰਨੀ ਮਸਲੇ ਨੂੰ ਸੁਲਝਾਉਣ ਵਿਚ ਮਦਦ ਹੋ ਸਕੇ। ਏ.ਜੀ.ਪੀ.ਸੀ. ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇ ਹਾਲੇ ਵੀ ਸਿੱਖ ਕੌਮ ਨੂੰ ਨਿਆਂ ਦੇਣ ਵਿਚ ਦੇਰੀ ਕੀਤੀ, ਤਾਂ ਸਰਕਾਰ ਵਾਸਤੇ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ।


Share