ਸਿੰਘੂ ਬਾਰਡਰ ਕਤਲਕਾਂਡ: ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਸਵੀਕਾਰੀ

567
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਿਹੰਗ ਅਮਨ ਸਿੰਘ ਦਾ ਸਨਮਾਨ ਕਰਦੇ ਹੋਏ।
Share

-ਕਿਹਾ: ਭਾਜਪਾ ਆਗੂਆਂ ਵੱਲੋਂ ਧਰਨੇ ਵਾਲੀ ਥਾਂ ਖਾਲੀ ਕਰਨ ਬਦਲੇ ਕੀਤੀ ਗਈ ਸੀ ਦਸ ਲੱਖ ਦੀ ਪੇਸ਼ਕਸ਼
-ਜਾਖੜ ਤੇ ਸੁਰਜੇਵਾਲਾ ਨੇ ਮੀਟਿੰਗਾਂ ਦੀ ਉੱਚ ਪੱਧਰੀ ਜਾਂਚ ਮੰਗੀ
ਚੰਡੀਗੜ੍ਹ, 20 ਅਕਤੂਬਰ (ਪੰਜਾਬ ਮੇਲ)- ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ’ਚ ਉਹ ਮੰਨਿਆ ਹੈ ਕਿ ਉਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਨੇ ਇਹ ਪ੍ਰਤੀਕਰਮ ਉਦੋਂ ਦਿੱਤਾ, ਜਦ ਕਈ ਸੋਸ਼ਲ ਮੀਡੀਆ ’ਚ ਆਈਆਂ ਤਸਵੀਰਾਂ ਅਤੇ ਮੀਡੀਆ ਅਦਾਰਿਆਂ ’ਚ ਛਪੀ ਖ਼ਬਰ ਬਾਰੇ ਸੁਆਲ ਕੀਤੇ, ਜਿਸ ਵਿਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਨਾ ਤਾਂ ਭਾਜਪਾ ਆਗੂਆਂ ਤੇ ਨਾ ਹੀ ਨਿਹੰਗ ਆਗੂ ਨੇ ਇਸ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ। ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ’ਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ’ਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ, ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮ.ਐੱਸ.ਪੀ. ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ’ਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ, ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਹੈ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਬੰਧੀ ਚਿੱਠੀਆਂ ਲਿਖੀਆਂ ਹਨ।’
ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਘਰ ਖਾਣਾ ਖਾਂਦੇ ਹੋਏ ਬਾਬਾ ਅਮਨ ਸਿੰਘ, ਕੈਟ ਗੁਰਮੀਤ ਪਿੰਕੀ ਤੇ ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਦੀ ਵਾਇਰਲ ਹੋਈ ਫੋਟੋ।

ਨਿਹੰਗ ਆਗੂ ਵੱਲੋਂ ਕੀਤੇ ਦਾਅਵਿਆਂ ਬਾਰੇ ਪੁੱਛਣ ਲਈ ਜਦ ਭਾਜਪਾ ਆਗੂ ਸੁਖਮਿੰਦਰ ਗਰੇਵਾਲ ਨੂੰ ਫੋਨ ਕੀਤਾ ਗਿਆ, ਤਾਂ ਉਸ ਨੇ ਵੀ ਫੋਨ ਨਹੀਂ ਚੁੱਕਿਆ। ਮੀਡੀਆ ਦੇ ਇਸ ਸਵਾਲ ਕਿ ਕੀ ਨਿਹੰਗ ਆਗੂ ਨੇ ਇਨ੍ਹਾਂ ਬੈਠਕਾਂ ਬਾਰੇ ਕਿਸਾਨ ਆਗੂਆਂ ਨਾਲ ਚਰਚਾ ਕੀਤੀ ਸੀ, ਤਾਂ ਨਿਹੰਗ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’ ਦੱਸਣਯੋਗ ਹੈ ਕਿ ਨਿਹੰਗ ਆਗੂ ਤੇ ਭਾਜਪਾ ਦੇ ਮੰਤਰੀਆਂ ਦਰਮਿਆਨ ਹੋਈਆਂ ਮੀਟਿੰਗਾਂ ਬਾਰੇ ਰਿਪੋਰਟ ਛਪਣ ਤੋਂ ਬਾਅਦ ਸਵਾਲਾਂ ਦੀ ਝੜੀ ਲੱਗ ਗਈ ਹੈ, ਸਵਾਲ ਕੀਤਾ ਜਾ ਰਿਹਾ ਹੈ ਕਿ ਇਹ ਮੀਟਿੰਗਾਂ ਕਿਉਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਿੰਘੂ ’ਤੇ ਹੋਏ ਕਤਲ ਤੋਂ ਬਾਅਦ ਚਾਰ ਨਿਹੰਗਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਨਿਹੰਗ ਆਗੂ ਬਾਬਾ ਅਮਨ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ’ਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ, ਤਾਂ ਅਸੀਂ ਚਲੇ ਜਾਵਾਂਗੇ।’ ਬਾਬਾ ਅਮਨ ਨੇ ਕਿਹਾ ਕਿ ਉਹ ਬੇਅਦਬੀ ਕੇਸਾਂ ’ਚ ਨਿਆਂ ਲੈਣ ਲਈ ਇਕ ਧਾਰਮਿਕ ਜੰਗ ਲੜ ਰਹੇ ਹਨ ਤੇ ਧਰਨੇ ’ਤੇ ਕਿਸਾਨਾਂ ਲਈ ਨਹੀਂ ਬੈਠੇ।¿;

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਿਹੰਗ ਆਗੂ ਤੇ ਭਾਜਪਾ ਆਗੂਆਂ ਦਰਮਿਆਨ ਹੋਈਆਂ ਬੈਠਕਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਜਾਖੜ ਨੇ ਟਵੀਟ ਕੀਤਾ ਕਿ ਇਕ ਵਿਅਕਤੀ ਆਪਣੀ ਸੰਗਤ ਤੋਂ ਹੀ ਜਾਣਿਆ ਜਾਂਦਾ ਹੈ। ਉਹ ਬੈਠਕ ’ਚ ਬਰਖਾਸਤ ਪੁਲਿਸ ਕਰਮੀ ਗੁਰਮੀਤ ਪਿੰਕੀ ਦੀ ਮੌਜੂਦਗੀ ਵੱਲ ਇਸ਼ਾਰਾ ਕਰ ਰਹੇ ਸਨ।
ਨਿਹੰਗ ਅਮਨ ਸਿੰਘ ਨੇ ਗੱਦਾਰੀ ਕੀਤੀ ਤਾਂ ਕਾਰਵਾਈ ਹੋਵੇਗੀ: ਰਾਜਾ ਰਾਜ ਸਿੰਘ
ਨਵੀਂ ਦਿੱਲੀ : ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ’ਚ ਆਈ ਹੋਈ ਖੜੋਤ ਦੌਰਾਨ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਭਾਜਪਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਾਬਕਾ ਪੁਲਿਸ ਕੈਟ ਪਿੰਕੀ ਆਦਿ ਨਾਲ ਛਪੀਆਂ ਤਸਵੀਰਾਂ ਬਾਰੇ ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਬਾਬਾ ਅਮਨ ਸਿੰਘ ਨੇ ਕੋਈ ਗੱਦਾਰੀ ਕੀਤੀ ਹੋਈ ਜਾਂ ਕੋਈ ਅਜਿਹਾ ਕਦਮ ਚੁੱਕਿਆ ਹੋਇਆ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਬਾ ਰਾਜਾ ਰਾਜ ਸਿੰਘ ਨੇ ਕਿਹਾ, ‘ਜੇਕਰ ਅਮਨ ਸਿੰਘ ਨੇ ਗ਼ੱਦਾਰੀ ਕੀਤੀ, ਤਾਂ ਫਿਰ ਉਹ ਸਾਡਾ ਕੀ ਲੱਗਦਾ ਹੈ। ਸਾਡੇ ਨਾਲ ਰਹਿ ਕੇ ਜਾਂ ਕਿਸਾਨ ਅੰਦੋਲਨ ’ਚ ਰਹਿ ਕੇ ਜੇ ਉਸ ਨੇ ਅਜਿਹਾ ਕੁਝ ਕੀਤਾ ਹੋਇਆ, ਤਾਂ ਦੋ-ਚਾਰ ਦਿਨਾਂ ਵਿਚ ਸਾਰੇ ਨਿਹੰਗ ਮੁਖੀਆਂ ਨੂੰ ਬੁਲਾ ਕੇ ਉਸ ਬਾਰੇ ਫ਼ੈਸਲਾ ਲਿਆ ਜਾਵੇਗਾ। ਪੰਥਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’ ਨਿਹੰਗ ਮੁਖੀ ਨੇ ਕਿਹਾ ਕਿ ਬਾਬਾ ਅਮਨ ਸਿੰਘ ਵੱਲੋਂ ਉਨ੍ਹਾਂ ਨੂੰ ਦਸ ਲੱਖ ਰੁਪਏ ਦੇਣ ਤੇ ਸਿੰਘੂ ਤੋਂ ਜਾਣ ਦੀ ਕੀਤੀ ਪੇਸ਼ਕਸ਼ ਬਾਰੇ ਵੀ ਦੱਸਿਆ ਗਿਆ ਹੈ ਪਰ ਅਸਲੀ ਤੱਥ ਤਾਂ ਅਮਨ ਸਿੰਘ ਨੇ ਦੱਸਣੇ ਹਨ ਅਤੇ ਉਹ ਸਬੂਤਾਂ ਸਮੇਤ ਸਪੱਸ਼ਟੀਕਰਨ ਦੇਣਗੇ।
ਤਸਵੀਰ ਵਾਇਰਲ ਹੋਣ ਗੁਰਮੀਤ ਪਿੰਕੀ ਨੇ ਦਿੱਤਾ ਸਪੱਸ਼ਟੀਕਰਨ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਹੋਰ ਭਾਜਪਾ ਆਗੂਆਂ ਤੇ ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਬਾਬਾ ਅਮਨ ਸਿੰਘ ਨਾਲ ਤਸਵੀਰ ਵਾਇਰਲ ਹੋਣ ਮਗਰੋਂ ਬਰਖ਼ਾਸਤ ਪੁਲਿਸ ਮੁਲਾਜ਼ਮ ਗੁਰਮੀਤ ਪਿੰਕੀ ਨੇ ਆਪਣੀ ਸਫ਼ਾਈ ਦਿੱਤੀ ਹੈ। ਪਿੰਕੀ ਨੇ ਕਿਹਾ ਹੈ ਕਿ ਮੈਨੂੰ ਇਸ ਮਾਮਲੇ ’ਚ ਬਿਨਾਂ ਕਿਸੇ ਗੱਲ ਤੋਂ ਘੜੀਸਿਆ ਜਾ ਰਿਹਾ ਹੈ। ਮੇਰਾ ਨਾਂ ਨਿਹੰਗ ਸਿੰਘਾਂ ਨਾਲ ਬਿਨਾਂ ਵਜ੍ਹਾ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ ਹੈ ਕਿ ਮੇਰਾ ਨਿਹੰਗ ਸਿੰਘਾਂ ਨਾਲ ਕੋਈ ਲੈਣ-ਦੇਣ ਨਹੀਂ ਹੈ।
ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮੇਰਾ ਨਾਂ ਕਿਸੇ ਨਾਲ ਨਾ ਜੋੜਿਆ ਜਾਵੇ। ਪਿੰਕੀ ਨੇ ਕਿਹਾ ਕਿ ਮੈਂ ਆਪਣੇ ਕੰਮ ਲਈ 5 ਅਗਸਤ ਨੂੰ ਦਿੱਲੀ ਆਪਣੇ ਦੋਸਤ ਸੁਖਮਿੰਦਰ ਸਿੰਘ ਗਰੇਵਾਲ ਕੋਲ ਗਿਆ ਸੀ। ਉਥੇ ਇਸ ਦੌਰਾਨ ਸਿੰਘੂ ਬਾਰਡਰ ’ਤੇ ਮੈਂ ਨਿਹੰਗ ਅਮਨ ਸਿੰਘ ਨੂੰ ਵੀ ਮਿਲਿਆ ਸੀ। ਉਹ ਵੀ ਸਾਡੇ ਨਾਲ ਮੰਤਰੀ ਦੇ ਘਰ ਗਿਆ ਤੇ ਅਸੀਂ ਮਿਲ ਕੇ ਖਾਣਾ ਖਾਧਾ। ਜਿਹੜਾ ਵੀ ਸ਼ਖਸ ਮੇਰੇ ਖ਼ਿਲਾਫ਼ ਬੋਲੇਗਾ, ਤਾਂ ਮੈਂ ਉਸ ਦੇ ਖ਼ਿਲਾਫ ਅਦਾਲਤ ’ਚ ਜਾਵਾਂਗਾ। ਮੈਂ ਇਸ ਦੀ ਘੋਖ ਕਰ ਰਿਹਾ ਹਾਂ ਤੇ ਥੋੜ੍ਹੇ ਦਿਨਾਂ ’ਚ ਆਪਣੇ ਵੱਲੋਂ ਸਾਰੇ ਤੱਥ ਪੇਸ਼ ਕਰਾਂਗਾ।¿;
ਦਿੱਲੀ ਪੁਲਿਸ ਵੱਲੋਂ ਕਤਲਕਾਂਡ ਲਈ ਵਰਤੀਆਂ ਤਲਵਾਰਾਂ ਤੇ ਕੱਪੜੇ ਬਰਾਮਦ
ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਨਾਂ ਦੇ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਵਿਚ ਪੀੜਤ ਦਾ ਹੱਥ ਤੇ ਪੈਰ ਵੱਢਣ ਲਈ ਵਰਤੀਆਂ ਗਈਆਂ ਦੋ ਤਲਵਾਰਾਂ ਤੇ ਮੁਲਜ਼ਮਾਂ ਦੇ ਖੂਨ ਨਾਲ ਲਿਬੜੇ ਕੱਪੜੇ ਬਰਾਮਦ ਕਰ ਲਏ ਹਨ। ਇਹ ਕੱਪੜੇ ਦੋ ਹੋਰਨਾਂ ਮੁਲਜ਼ਮਾਂ ਭਗਵੰਤ ਤੇ ਗੋਵਿੰਦ ਪ੍ਰੀਤ ਦੇ ਦੱਸੇ ਜਾਂਦੇ ਹਨ। ਮੁਲਜ਼ਮਾਂ ਸਰਬਜੀਤ ਸਿੰਘ ਤੇ ਨਰੈਣ ਸਿੰਘ ਦੀਆਂ ਤਲਵਾਰਾਂ ਤੇ ਕੱਪੜੇ ਪਹਿਲਾਂ ਹੀ ਬਰਾਮਦ ਕੀਤੇ ਜਾ ਚੁੱਕੇ ਹਨ। ਹਰਿਆਣਾ ਦੇ ਸੋਨੀਪਤ ’ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਨਿਹੰਗ ਸਿੰਘ ਭਗਵੰਤ ਤੇ ਗੋਵਿੰਦ ਪ੍ਰੀਤ ਦੇ ਖੂਨ ਨਾਲ ਲਿਬੜੇ ਕੱਪੜੇ ਤੇ ਤਲਵਾਰਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਮਿਲਿਆ ਇੱਕ ਮੋਬਾਈਲ ਫ਼ੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਤਿੰਨ ਹੋਰਨਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।¿;
ਕਿਸਾਨ ਮੋਰਚੇ ਵੱਲੋਂ ਸਿੰਘੂ ਬਾਰਡਰ ਕਤਲ ਕਾਂਡ ਦੀ ਫੌਰੀ ਤੇ ਵਿਆਪਕ ਜਾਂਚ ਕਰਵਾਏ ਜਾਣ ਦੀ ਮੰਗ
ਨਿਹੰਗ ਸਿੰਘਾਂ ਦੇ ਇੱਕ ਆਗੂ ਵੱਲੋਂ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਜਨਤਕ ਹੋਣ ਮਗਰੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 11 ਮਹੀਨਿਆਂ ਤੋਂ ਚੱਲੇ ਰਹੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ਕਤਲ ਕਾਂਡ ਦੀ ਫੌਰੀ ਤੇ ਵਿਆਪਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।¿;
ਮੋਰਚੇ ਨੇ ਇਕ ਬਿਆਨ ਵਿਚ ਕਿਹਾ ਕਿ ਨਿਹੰਗ ਸਿੰਘਾਂ ਦੇ ਆਗੂ ਵੱਲੋਂ ਜੁਲਾਈ ਮਹੀਨੇ ਕੇਂਦਰੀ ਖੇਤੀ ਰਾਜ ਮੰਤਰੀ ਨਾਲ ਮੁਲਾਕਾਤ ਕੀਤੇ ਜਾਣ ਬਾਰੇ ਰਿਪੋਰਟਾਂ ਸਾਹਮਣੇ ਆਈਆਂ ਹਨ। ਜ਼ਾਹਿਰ ਹੈ ਕਿ ਕਿਸਾਨ ਅੰਦੋਲਨ ਦੇ ਹੱਲ ਲਈ ਅਜਿਹਾ ਹੋਇਆ ਹੋਵੇਗਾ। ਇਹ ਨਿਹੰਗ ਸਿੱਖ ਆਗੂ ਉਸੇ ਸਮੂਹ ਵਿਚੋਂ ਹੈ, ਜੋ 15 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਵਿਚ ਸ਼ਾਮਲ ਸੀ। ਮੋਰਚੇ ਨੇ ਕਿਹਾ ਕਿ ਸਿੰਘੂ ਬਾਰਡਰ ਹੱਤਿਆ ਕਾਂਡ ਭਾਜਪਾ ਅਤੇ ਇਸ ਦੀਆਂ ਸਰਕਾਰਾਂ ਵੱਲੋਂ ਲਖੀਮਪੁਰ ਹਿੰਸਾ ਕੇਸ ਤੋਂ ਧਿਆਨ ਲਾਂਭੇ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਦੀ ਫੌਰੀ ਅਤੇ ਵਿਆਪਕ ਜਾਂਚ ਕੀਤੇ ਜਾਣ ਦੀ ਲੋੜ ਹੈ।
ਮੋਰਚੇ ਨੇ ਕਿਹਾ ਕਿ ਕਿਸੇ ਵੀ ਧਰਮ ਵਿਚ ਬੇਅਦਬੀ ਸਵੀਕਾਰਯੋਗ ਨਹੀਂ ਹੈ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਮੋਰਚੇ ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਤੇ ਖਤਰਨਾਕ ਭੁਲੇਖਿਆਂ ਦਾ ਸ਼ਿਕਾਰ ਨਾ ਹੋਣ। ਮੋਰਚੇ ਨੇ ਕਿਸਾਨ ਅੰਦੋਲਨ ਦੀਆਂ ਮੁੱਖ ਮੰਗਾਂ ’ਤੇ ਡੱਟ ਕੇ ਪਹਿਰਾ ਦੇਣ ਦੀ ਵੀ ਅਪੀਲ ਕੀਤੀ ਹੈ।
ਮਿ੍ਰਤਕ ਦੀ ਭੈਣ ਨੇ ਪਹਿਲਾਂ ਹੀ ਕੀਤਾ ਸੀ ਵੱਡਾ ਖੁਲਾਸਾ
ਨਿਹੰਗ ਸਿੰਘਾਂ ਵਲੋਂ ਸਿੰਘੂ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਲਖਬੀਰ ਸਿੰਘ ਉਰਫ ਟੀਟੂ ਦੀ ਭੈਣ ਨੇ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਕਤਲ ਤੋਂ 6 ਦਿਨ ਪਹਿਲਾਂ ਉਹ ਘਰੋਂ 50 ਰੁਪਏ ਲੈਕੇ ਝਬਾਲ ਦੀ ਦਾਨਾਮੰਡੀ ਵਿਚ ਦਿਹਾੜੀ ਲਗਾਉਣ ਗਿਆ ਸੀ। ਮਿ੍ਰਤਕ ਦੀ ਵੱਡੀ ਭੈਣ ਰਾਜਵਿੰਦਰ ਕੌਰ ਅਤੇ ਲਖਬੀਰ ਇਕੋ ਮਕਾਨ ਵਿਚ ਰਹਿੰਦੇ ਸਨ। ਰਾਜਵਿੰਦਰ ਨੇ ਦੱਸਿਆ ਕਿ ਲਖਬੀਰ ਸਿੰਘ ਨੇ 13 ਅਕਤੂਬਰ ਨੂੰ ਪਿੰਡ ਵਿਚ ਇਕ ਵਿਆਹ ਸਮਾਗਮ ਵਿਚ ਭਾਗ ਲਿਆ ਸੀ ਅਤੇ ਸ਼ਾਮ ਵੇਲੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਆਇਆ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਭੈਣ ਨੇ ਦੱਸਿਆ ਕਿ ਉਹ ਅਕਸਰ ਕਿਸੇ ‘ਸੰਧੂ’ ਨਾਮ ਦੇ ਵਿਅਕਤੀ ਨਾਲ ਲੰਮਾ ਸਮਾਂ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ ਸੀ ਅਤੇ ਉਹ ਇਹ ਵੀ ਆਖਦਾ ਸੀ ਕਿ ਉਸ ਦੀ ਪਹੁੰਚ ਹੁਣ ਬਹੁਤ ਦੂਰ ਤੱਕ ਹੋ ਗਈ ਹੈ। ਉਕਤ ਨੇ ਇਹ ਵੀ ਦੱਸਿਆ ਕਿ ਫੋਨ ਕਰਨ ਸਮੇਂ ਉਹ ਸਾਰਿਆਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੰਦਾ ਸੀ। ਲਖਬੀਰ ਸਿੰਘ ਦੀ ਭੈਣ ਨੇ ਕਿਹਾ ਕਿ ਉਹ ਬੇਅਬਦੀ ਨਹੀਂ ਕਰ ਸਕਦਾ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਕੋਲ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ) ਦੇ ਟੈਂਟ ਵਿਚੋਂ ‘ਸਰਬਲੋਹ ਗ੍ਰੰਥ’ ਦੀ ਬੇਅਦਬੀ ਕਰਕੇ ਭੱਜਣ ਵਾਲੇ ਨੌਜਵਾਨ ਦਾ ਬੇਰਹਿਮ ਤਰੀਕੇ ਨਾਲ ਕਤਲ ਕਰਕੇ ਉਸ ਦੀ ਵੱਢੀ-ਟੁੱਕੀ ਲਾਸ਼ ਪੁਲਸ ਬੈਰੀਕੇਡ ਨਾਲ ਲਟਕਾ ਦਿੱਤੀ ਗਈ ਸੀ। ਵਾਇਰਲ ਵੀਡੀਓ ਅਨੁਸਾਰ ਕੁੱਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ। ਕੁੰਡਲੀ ਥਾਣਾ ਪੁਲਿਸ ਨੇ ਦਫ਼ਾ 302 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਵੀ ਕਰ ਦਿੱਤਾ ਹੈ ਅਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਸਰਬਜੀਤ ਦੇ ਮੈਡੀਕਲ ਟੈਸਟ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

Share