ਸਿੰਗਾਪੁਰ ‘ਚ ਭਾਰਤੀ ਮੂਲ ਦੀ ਔਰਤ ਨੇ ਨੌਕਰਾਣੀ ਦੀ ਮੌਤ ਦੇ ਦੋਸ਼ ਸਵੀਕਾਰੇ

40
Share

ਸਿੰਗਾਪੁਰ, 22 ਨਵੰਬਰ (ਪੰਜਾਬ ਮੇਲ)- ਸਿੰਗਾਪੁਰ ‘ਚ ਰਹਿਣ ਵਾਲੀ ਭਾਰਤੀ ਮੂਲ ਦੀ 64 ਸਾਲਾ ਔਰਤ ਨੇ ਆਪਣੀ ਧੀ ਦੀ ਘਰੇਲੂ ਨੌਕਰਾਣੀ ‘ਤੇ ਇਸ ਹੱਦ ਤੱਕ ਤਸ਼ੱਦਦ ਕੀਤਾ ਕਿ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਔਰਤ ਨੇ ਮਿਆਂਮਾਰ ‘ਚ ਰਹਿਣ ਵਾਲੀ ਘਰੇਲੂ ਨੌਕਰਾਣੀ ‘ਤੇ ਤਸ਼ੱਦਦ ਕਰਨ ਦਾ ਦੋਸ਼ ਅੱਜ ਸਵੀਕਾਰ ਕਰ ਲਿਆ ਹੈ। ਪ੍ਰੇਮਾ ਐੱਸ. ਨਾਰਾਇਣਸਵਾਮੀ ਨੇ ਕੁੱਲ 48 ਦੋਸ਼ ਸਵੀਕਾਰ ਕੀਤੇ, ਜਿਸ ਵਿੱਚ ਇੱਕ ਆਪਣੀ ਧੀ ਦੀ ਘਰੇਲੂ ਨੌਕਰਾਣੀ ਪਿਆਂਗ ਗਹਿ ਡੋਨ ‘ਤੇ ਜਾਣਬੁੱਝ ਕੇ ਤਸ਼ੱਦਦ ਕਰਨ ਦਾ ਦੋਸ਼ ਵੀ ਸ਼ਾਮਲ ਹੈ।
‘ਚੈਨਲ ਨਿਊਜ਼ ਏਸ਼ੀਆ’ ਦੀ ਖ਼ਬਰ ਅਨੁਸਾਰ ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ 14 ਮਹੀਨੇ ਤੱਕ ਲਗਾਤਾਰ ਤਸ਼ੱਦਦ ਸਹਿਣ ਮਗਰੋਂ ਮਿਆਂਮਾਰ ਦੀ ਇਸ 24 ਸਾਲਾ ਲੜਕੀ ਦੀ 26 ਜੁਲਾਈ 2016 ਨੂੰ ਦਿਮਾਗੀ ਸੱਟ ਲੱਗਣ ਕਾਰਨ ਮੌਤ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰੇਮਾ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਲੜਕੀ ਆਪਣੀ ਨੌਕਰਾਣੀ ਦੀ ਕੁੱਟਮਾਰ ਕਰਦੀ ਹੈ ਤਾਂ ਇਸ ਮਗਰੋਂ ਉਸ ਨੇ ਵੀ ਪਿਯਾਂਗ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰੇਮਾ ਦੀ ਧੀ ਗਾਇਤਰੀ ਮੁਰੂਗਨ ਇੱਕ ਪੁਲੀਸ ਅਧਿਕਾਰੀ ਦੀ ਪਤਨੀ ਹੈ ਅਤੇ 2021 ਵਿੱਚ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਦੇ ਜੱਜ ਸੀ ਕੀ ਓਨ ਨੇ ਕਿਹਾ ਕਿ ਇਹ ਗ਼ੈਰ-ਇਰਾਦਤਨ ਕਤਲ ਦਾ ਸਭ ਤੋਂ ਬੁਰਾ ਮਾਮਲਾ ਹੈ। ਇਸ ਵਿੱਚ ਪਿਯਾਂਗ ਨੂੰ ਮੌਤ ਤੋਂ ਪਹਿਲਾਂ ਲੰਮੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਸ਼ੱਦਦ ਝੱਲਣਾ ਪਿਆ।


Share