ਸਿੰਗਾਪੁਰ ‘ਚ ਭਾਰਤੀ ਨਾਗਰਿਕ ਨੂੰ ਜੀ.ਐੱਸ.ਟੀ. ਧੋਖਾਧੜੀ ਮਾਮਲੇ ‘ਚ 18 ਮਹੀਨਿਆਂ ਦੀ ਜੇਲ੍ਹ

757
Share

ਸਿੰਗਾਪੁਰ, 20 ਜੂਨ (ਪੰਜਾਬ ਮੇਲ)- ਸਿੰਗਾਪੁਰ ‘ਚ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਝੂਠੇ ਰਿਫੰਡ ਦਾਅਵਿਆਂ ਦੇ ਜ਼ਰੀਏ 5,70,000 ਸਿੰਗਾਪੁਰ ਡਾਲਰ ਦੀ ਧੋਖਾਧੜੀ ਕਰਨ ਵਾਲੇ ਭਾਰਤੀ ਸਮੂਹ ਨਾਲ ਜੁੜੇ ਇਕ ਭਾਰਤੀ ਨਾਗਰਿਕ ਨੂੰ 18 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਟ੍ਰੇਟ ਟਾਈਮਸ ਦੀ ਖਬਰ ਮੁਤਾਬਕ ਮੁਥੇਵੇਲ ਸ਼ੰਕਰ (41) ਨੂੰ ਭ੍ਰਿਸ਼ਟਾਚਾਰ, ਜੀ.ਐੱਸ.ਟੀ. ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਖਬਰ ਮੁਤਾਬਕ ਚਾਰ ਭਾਰਤ ਨਾਗਰਿਕਾਂ ਦੇ ਇਕ ਸਮੂਹ ਨੇ ਸਤੰਬਰ 2012 ਤੋਂ ਜਨਵਰੀ 2014 ਵਿਚਾਲੇ ਝੂਠੇ ਸੈਰ-ਸਪਾਟੇ ਜੀ.ਐੱਸ.ਟੀ. ਰਿਫੰਡ ਦਾਅਵਿਆਂ ਦੇ ਜ਼ਰੀਏ 5,70,000 ਸਿੰਗਾਪੁਰੀ ਡਾਲਰ ਦੀ ਧੋਖਾਧੜੀ ਕੀਤੀ ਸੀ। ਉਨ੍ਹਾਂ ਨੇ ਉਸ ਵੇਲੇ ਚਾਂਗੀ ਹਵਾਈ ਅੱਡੇ ‘ਤੇ ਜੀ.ਐੱਸ.ਟੀ. ਰਿਫੰਡ ਨਿਰੀਖਣ ‘ਤੇ ਕਾਉਂਟਰ ਕਸਟਮ ਅਧਿਕਾਰੀ ਮੁਹੰਮਦ ਯੂਸੁਫ ਅਬਦੁਲ ਰਹਿਮਾਨ ਨੂੰ ਦਾਅਵਿਆਂ ਨੂੰ ਮਨਜ਼ੂਰੀ ਦਿਵਾਉਣ ਲਈ ਰਿਸ਼ਵਤ ਦੇ ਰੂਪ ‘ਚ ਇਨਾਮ ਦਿੱਤਾ ਸੀ। ਇਕ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ 66,891 ਸਿੰਗਾਪੁਰੀ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ। ਇਸ ਤੋਂ ਇਲਾਵਾ ਉਸ ਦੇ ਖਿਲਾਫ 6 ਹੋਰ ਦੋਸ਼ਾਂ ‘ਤੇ ਵੀ ਵਿਚਾਰ ਕੀਤਾ ਗਿਆ। ਸਿੰਗਾਪੁਰ ਦੇ ਅਧਿਕਾਰੀਆਂ ਨੇ ਜਦ 2014 ਵਿਚ ਭਾਰਤੀ ਸਿੰਡੀਕੇਟ ਦਾ ਭਾਂਡਾ ਭੰਨ ਦਿੱਤਾ ਸੀ, ਤਾਂ ਸ਼ੰਕਰ ਸਿੰਗਾਪੁਰ ਵਿਚ ਨਾ ਹੋਣ ਦੇ ਕਾਰਨ ਗ੍ਰਿਫਤਾਰੀ ਤੋਂ ਬਚ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿਚ ਉਸ ਨੇ ਸੈਰ-ਸਪਾਟੇ ਦੇ ਰੂਪ ਵਿਚ ਸਿੰਗਾਪੁਰ ਵਿਚ ਦੁਬਾਰਾ ਐਂਟਰੀ ਦਾ ਯਤਨ ਕੀਤਾ ਪਰ ਉਹ ਫੜਿਆ ਗਿਆ ਅਤੇ ਅਦਾਲਤ ਵਿਚ ਉਸ ਦੇ ਖਿਲਾਫ ਮੁਕੱਦਮਾ ਚੱਲਿਆ।


Share