ਸਿੰਗਲਾ ਦਾ ਸਾਰਾ ਪਰਿਵਾਰ ਰੂਪੋਸ਼

30
Share

ਮਾਨਸਾ, 24 ਮਈ (ਪੰਜਾਬ ਮੇਲ)- ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤੋਂ ਬਾਅਦ ਮੰਤਰੀ ਅਹੁਦੇ ਤੋਂ ਹਟਾਉਣ ਅਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਬਾਅਦ ਉਨ੍ਹਾਂ ਦਾ ਪਰਿਵਾਰ ਰੂਪੋਸ਼ ਹੋ ਗਿਆ ਹੈ। ਪਹਿਲਾਂ ਜਦੋਂ ਉਨ੍ਹਾਂ ਦੀ ਮਾਨਸਾ ਸਥਿਤ ਕੋਠੀ ਵਿਖੇ ਭੀੜ ਅਤੇ ਰੌਣਕ ਰਹਿੰਦੀ ਸੀ ਪਰ ਹੁਣ ਉਸ ਘਰ ਮੂਹਰੇ ਸੰਨਾਟਾ ਛਾ ਗਿਆ ਹੈ। ਸਿੰਗਲਾ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ 63000 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਪਹਿਲੀ ਵਾਰ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣੇ ਸਿੰਗਲਾ ਦੇ ਘਰ ਆਉਣ-ਜਾਣ ਵਾਲਿਆਂ ਅਤੇ ਪੰਜਾਬ ਦੇ ਲੋਕਾਂ ਦੀ ਭੀੜ ਰਹਿੰਦੀ ਸੀ। ਅੱਜ ਜਦੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਹੈ, ਤਾਂ ਮਾਨਸਾ ਵਿਚ ਵੀ ਉਨ੍ਹਾਂ ਦੇ ਸਮਰਥਕਾਂ, ਪਾਰਟੀ ਵਰਕਰਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਵਿਚ ਮਾਯੂਸੀ ਛਾ ਗਈ ਹੈ। ਵਿਜੈ ਸਿੰਗਲਾ ਨੇ ਵਾਰਡ ਨੰ: 10 ਤੋਂ ਆਪਣਾ ਪੁਰਾਣਾ ਘਰ ਵੇਚ ਕੇ ਕਰੀਬ 16 ਦਿਨ ਪਹਿਲਾਂ ਚਕੇਰੀਆਂ ਰੋਡ ਸਥਿਤ ਨਵੀਂ ਕੋਠੀ ਵਿਚ ਆਪਣੀ ਰਿਹਾਇਸ਼ ਕੀਤੀ ਸੀ, ਜਿੱਥੇ ਉਹ ਕੱਲ੍ਹ ਹੀ ਲੋਕਾਂ ਦੀਆਂ ਮੁਸ਼ਕਿਲਾਂ, ਕੰਮ ਕਾਰ ਦੀ ਸੁਣਵਾਈ ਕਰਕੇ ਸੋਮਵਾਰ ਨੂੰ ਚੰਡੀਗੜ੍ਹ ਗਏ ਸਨ ਅਤੇ ਮੰਗਲਵਾਰ ਨੂੰ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫਸ ਗਏ।


Share