ਸਿਹਤ ਵਿਭਾਗ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ‘ਜੱਚਾ-ਬੱਚਾ’ ਦੀ ਸੇਵਾ ਕਰਨ ਵਾਲੀਆਂ ਮਿੱਡ ਵਾਈਵਜ਼ ਦਾ 2500 ਡਾਲਰ ਨਾਲ ਥੈਂਕਸ

671
Share

ਔਕਲੈਂਡ, 15 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਰਾਜਨੀਤੀ ਦੇ ਮਾਹਿਰਾਂ ਦੇ ਦੇਸ਼ ਵਿਚ ਜੇਕਰ ਮਾਹਿਰਾਂ ਕੋਲੋਂ ਕੰਮ ਕਰਾਉਣਾ ਹੋਵੇ ਤਾਂ ਉਨ੍ਹਾਂ ਦੇ ਕੰਮ ਦੀ ਕਦਰ ਐਸੇ ਤਰੀਕੇ ਨਾਲ ਕਰੀ ਜਾਂਦੀ ਹੈ ਕਿ ਹੋਰ ਲੋਕ ਵੀ ਉਸ ਕਿੱਤੇ ਵੱਲ ਖਿਚੇ ਆਉਂਦੇ ਹਨ। ਕਰੋਨਾ ਮਹਾਂਮਾਰੀ ਦੇ ਚਲਦਿਆਂ ਹਰ ਦੇਸ਼ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੇ ਕਾਫੀ ਵੱਡੇ ਪੱਧਰ ਉਤੇ ਆਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਲੋਕਾਂ ਦੀ ਬਿਮਾਰੀ ਦੂਰ ਕਰਨ ਵਿਚ ਆਪਣਾ ਯੋਗਦਾਨ ਪਾਇਆ ਅਤੇ ਪਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇਸ਼ ਜਿੱਥੇ ਕਿ ਲਗਤਾਰਾ 3 ਹਫਤਿਆਂ ਤੋਂ ਕੋਈ ਨਵਾਂ ਕਰੋਨਾ ਦਾ ਕੇਸ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਵੇਲੇ ਦੇਸ਼ ਵਿਚ ਕੋਈ ਕਰੋਨਾ ਦਾ ਮਰੀਜ ਹੈ, ਦੇ ਸਿਹਤ ਮੰਤਰਾਲੇ ਨੇ ਆਪਣੇ ਸਟਾਫ ਦਾ ਲੋਕਾਂ ਦਾ ਕੇਅਰ (ਦੇਖਭਾਲ) ਕਰਨ ਦੇ ਲਈ ਉਨ੍ਹਾਂ ਦੇ ਨਾਲ ਨਿਆਂਪੂਰਨ (ਫੇਅਰ) ਰਵੱਈਆ ਅਪਣਾਇਆ ਜਾ ਰਿਹਾ ਹੈ। ਅੱਜ ਦੇਸ਼ ਦੇ ਸਿਹਤ ਮੰਤਰੀ ਸ੍ਰੀ ਡੇਵਿਡ ਕਲਾਰਕ ਨੇ ਦੇਸ਼ ਦੇ ਵਿਚ ਰਜਿਸਟਰਡ ਮਿੱਡਵਾਈਵਜ਼ (ਦਾਈਆਂ) ਜਾਂ ਕਹਿ ਲਈਏ ਜੱਚਾ ਅਤੇ ਬੱਚਾ ਦੀ ਦੇਖਭਾਲ ਕਰਨ ਵਾਲੀਆਂ ਮਿਡਵਾਈਵਜ਼ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ 2500-2500 ਡਾਲਰ ਦਾ ਚੈਕ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮਿੱਡਵਾਈਵਜ਼ ਨੇ ਗਰਭਵਤੀ ਮਹਿਲਾਵਾਂ, ਬੱਚਿਆਂ ਦੇ ਜਨਮ ਵਿਚ ਅਤੇ ਜਨਮ ਦੇ ਬਾਅਦ ਵਿਚ ਮਹਿਲਾਵਾਂ ਦੀ ਮੁਹਾਰਿਤ ਦੇ ਨਾਲ ਸਹਾਇਤਾ ਕੀਤੀ ਹੈ।
ਦੇਸ਼ ਦੇ ਸਿਹਤ ਮੰਤਰਾਲੇ ਨੇ 100 ਮਿਲੀਅਨ ਡਾਲਰ ਦਾ ਫੰਡ ਸਿਹਤ ਸੇਵਾਵਾਂ ਦੇ ਵਿਚ ਹਿੱਸਾ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਰੱਖਿਆ ਹੈ। ਇਸਨੂੰ 6 ਭਾਗਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ 37 ਮਿਲੀਅਨ ਡਾਲਰ ਕੋਵਿਡ ਟੈਸਟਿੰਗ ਵਾਸਤੇ, 18 ਮਿਲੀਅਨ  ਡਾਲਰ 365 ਕ੍ਰਿਟੀਕਲ ਕਮਿਊਨਿਟੀ ਫਾਰਮੇਸੀਜ ਲਈ, 5.48 ਮਿਲੀਅਨ ਮਿੱਡਵਾਈਵਜ਼ ਲਈ, 10 ਮਿਲੀਅਨ ਜ਼੍ਹਿਲਾ ਹੈਲਥ ਬੋਰਡ ਅਤੇ ਸਾਹਪ੍ਰਣਾਲੀ ਉਪਕਰਣਾਂ ਲਈ, 7,33 ਮਿਲੀਅਨ ਸੁਪੋਰਟ ਹੌਸਪਿਕਸ ਲਈ ਅਤੇ 14.6 ਮਿਲੀਅਨ ਨੈਸ਼ਨਲ ਟੈਲੀਹੈਲਥ ਵਾਸਤੇ ਰੱਖੇ ਗਏ ਹਨ। ਵਰਨਣਯੋਗ ਹੈ ਕਿ ਇਸ ਕਾਰਜ ਦੇ ਵਿਚ ਕਈ ਭਾਰਤੀ ਕੁੜੀਆਂ ਵੀ ਹਨ ਜਿਨ੍ਹਾਂ ਨੇ ਕਰੋਨਾ ਦੇ ਬਾਵਜੂਦ ਆਪਣੀ ਡਿਊਟੀ ਪੂਰੀ ਕੀਤੀ। ਪਹਿਲੀ ਵਾਰ ਇਥੇ ਦਸੰਬਰ 2018 ਦੇ ਵਿਚ ਮਿਡਵਾਈਵਜ਼ ਨੇ ਹੜਤਾਲ ਕੀਤੀ ਸੀ। ਜੂਨ 2019 ਦੇ ਅੰਕੜਿਆਂ ਮੁਤਾਬਿਕ ਦੇਸ਼ ਵਿਚ 3171 ਮਿਡ ਵਾਈਵਜ਼ ਸਨ।


Share