ਸਿਹਤ ਮਾਹਰਾਂ ਵੱਲੋਂ ਓਕਲਾਹੋਮਾ ‘ਚ ਹੋਣ ਵਾਲੀ ਟਰੰਪ ਦੀ ਚੋਣ ਰੈਲੀ ਵਿਰੁੱਧ ਚਿਤਾਵਨੀ

654
Share

-ਟਰੰਪ ਚੋਣ ਰੈਲੀ ਲਈ ਬਜ਼ਿੱਦ
ਸੈਕਰਾਮੈਂਟੋ, 14 ਜੂਨ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 19 ਜੂਨ ਨੂੰ ਓਕਲਾਹੋਮਾ ‘ਚ ਕੀਤੀ ਜਾ ਰਹੀ ਚੋਣ ਰੈਲੀ ਦਰਮਿਆਨ ਅਮਰੀਕਾ ਦੇ ਚੋਟੀ ਦੇ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਰੈਲੀਆਂ ਜਾਂ ਪ੍ਰਦਰਸ਼ਨਾਂ ‘ਚ ਹਿੱਸਾ ਲੈਣਾ ਜ਼ੋਖ਼ਮ ਭਰਿਆ ਤੇ ਖ਼ਤਰਨਾਕ ਹੋ ਸਕਦਾ ਹੈ। ਐਲਰਜੀ ਤੇ ਲਾਗ ਦੀਆਂ ਬਿਮਾਰੀਆਂ ਬਾਰੇ ਰਾਸ਼ਟਰੀ ਸੰਸਥਾ ਦੇ ਡਾਇਰੈਕਟਰ ਡਾਕਟਰ ਐਨਥਨੀ ਫੌਕੀ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੁਲਿਸ ਹਿਰਾਸਤ ‘ਚ ਮਾਰੇ ਗਏ ਜਾਰਜ ਫਲਾਈਡ ਦੇ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਵੱਡੇ ਇਕੱਠ ਹੋ ਰਹੇ ਹਨ। ਏ.ਬੀ.ਸੀ. ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਸਮਝਦਾ ਹਾਂ ਪਰ ਇਸ ਨਾਲ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ ਤੇ ਕੋਰੋਨਾਵਾਇਰਸ ਵੱਡੇ ਪੱਧਰ ‘ਤੇ ਫੈਲ ਸਕਦਾ ਹੈ। ਡਾ. ਫੌਕੀ ਅਨੁਸਾਰ ਪ੍ਰਦਰਸ਼ਨਾਂ ‘ਚ ਹਿੱਸਾ ਲੈਣ ਵਾਲਿਆਂ ਤੇ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਵਾਲਿਆਂ ਲਈ ਹੀ ਖ਼ਤਰਾ ਹੈ ਤੇ ਉਹ ਕੋਰੋਨਾ ਦੀ ਲਪੇਟ ‘ਚ ਆ ਸਕਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਉਹ ਆਪਣੀ ਇਹ ਸਲਾਹ ਉਨ੍ਹਾਂ ਲੋਕਾਂ ਨੂੰ ਵੀ ਦੇਣਗੇ, ਜੋ ਟਰੰਪ ਦੀ ਰੈਲੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕਿਹਾ ਬਿਲਕੁਲ ਇਹ ਸਲਾਹ ਉਨ੍ਹਾਂ ਲਈ ਵੀ ਹੈ। ਡਾ. ਫੌਕੀ ਜੋ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਹਨ, ਨੇ ਦੁਹਰਾਇਆ ਕਿ ਕੋਰੋਨਾ ਤੋਂ ਬਚਣ ਦਾ ਇਕੋ ਇਕ ਰਾਹ ਇਹ ਹੈ ਕਿ ਇਕੱਠਾਂ ਵਿਚ ਜਾਣ ਤੋਂ ਬਚਿਆ ਜਾਵੇ। ਦੂਸਰੇ ਪਾਸੇ ਟਰੰਪ ਟੁਲਸਾ (ਓਕਲਾਹੋਮਾ) ‘ਚ ਰੈਲੀ ਕਰਨ ਲਈ ਬਜਿੱਦ ਹਨ ਤੇ ਉਹ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਘਟਾ ਕੇ ਵੇਖ ਰਹੇ ਹਨ।


Share