ਸਿਰਸਾ ’ਚ ਪੱਕਾ ਮੋਰਚਾ ਤਹਿਤ ਧਰਨੇ ’ਤੇ ਬੈਠੇ ਕਿਸਾਨ ’ਤੇ ਹਮਲਾ, ਹਾਲਤ ਗੰਭੀਰ ਪਰ ਸਥਿਰ

121
Share

ਸਿਰਸਾ, 3 ਜੁਲਾਈ (ਪੰਜਾਬ ਮੇਲ)- ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ਿਆਂ ਦੀ ਮੰਗ ਲਈ ਲਾਏ ਪੱਕੇ ਮੋਰਚੇ ਤਹਿਤ ਧਰਨੇ ’ਤੇ ਬੈਠੇ ਕਿਸਾਨ ’ਤੇ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਕਿਸਾਨ ਨੂੰ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਸਥਿਤੀ ਗੰਭੀਰ ਪਰ ਸਥਿਰ ਹੈ। ਰਾਮ ਕੁਮਾਰ ਵਾਸੀ ਪੰਨੀਵਾਲਾ ਮੋਟਾ ਦਾ ਕਿਸਾਨ ਬੀਤੀ ਦੇਰ ਰਾਤ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਾ ’ਚ ਬੈਠਾ ਸੀ। ਕਿਸਾਨ ਧਰਨੇ ਵਾਲੀ ਥਾਂ ਤੋਂ ਉਠ ਕੇ ਸਟੇਡੀਅਮ ਵਾਲੇ ਪਾਸੇ ਗਿਆ, ਤਾਂ ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰਕੇ ਸੱਟਾਂ ਮਾਰੀਆਂ। ਕਿਸਾਨਾਂ ਨੂੰ ਪੱਤਾ ਲੱਗਣ ’ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸ਼ਰਾਰਤੀ ਅਨਸਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਧਰਨੇ ਨੇੜੇ ਪੁਲਿਸ ਦੀ ਪੀ.ਸੀ.ਆਰ. ਤਾਇਨਾਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਬਾਬਾ ਭੂਮਣ ਸ਼ਾਹ ਚੌਕ ’ਤੇ ਪ੍ਰਦਰਸ਼ਨ ਕੀਤਾ ਤੇ ਰੋਡ ਜਾਮ ਕੀਤੇ ਜਾਣ ਦੀ ਚਿਤਾਵਨੀ ਦਿੱਤੀ। ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਦਿੱਤੇ ਗਏ ਭਰੋਸੇ ਮਗਰੋਂ ਕਿਸਾਨ ਸ਼ਾਂਤ ਹੋਏ। ਇਸ ਮੌਕੇ ’ਤੇ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂ ਖੇੜਾ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਾਰ ਸਟੇਡੀਅਮ ਵਿਚ ਅਵਾਰਾਗਰਦੀ ਕਰਦੇ ਹਨ ਤੇ ਸ਼ਰਾਬ ਪੀਂਦੇ ਤੇ ਨਸ਼ੇ ਕਰਦੇ ਹਨ। ਇਸ ਦੀ ਰੋਕਥਾਮ ਲਈ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਵੱਲੋਂ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।

Share