ਸਿਰਮ ਇੰਸਟੀਚਿਊਟ ਵੱਲੋਂ ‘ਕੋਵੋਵੈਕਸ’ ਦਵਾਈ ਬਣਾਉਣੀ ਸ਼ੁਰੂ

62
Share

ਪੂਣੇ, 25 ਜੂਨ (ਪੰਜਾਬ ਮੇਲ)- ਕਰੋਨਾਵਾਇਰਸ ਤੋਂ ਬਚਾਅ ਲਈ ਨੋਵਾਵੈਕਸ ਕੰਪਨੀ ਵੱਲੋਂ ਵਿਕਸਤ ਕੀਤੀ ਗਈ ਕੋਵਿਡ-19 ਵੈਕਸਿਨ ‘ਕੋਵੋਵੈਕਸ’ ਦੀ ਪਹਿਲੀ ਖੇਪ ਸਿਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਅ ਲਈ ਇਹ ਦਵਾਈ ਵਧੇਰੇ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਦਵਾਈ ਦੇ ਟਰਾਇਲ ਜਾਰੀ ਹਨ। ਸ਼੍ਰੀ ਪੂਨਾਵਾਲਾ ਨੇ ਉਮੀਦ ਜਤਾਈ ਕਿ ਸਤੰਬਰ ਮਹੀਨੇ ਵਿਚ ਇਸ ਵੈਕਸਿਨ ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ਵਿਚ ਅਮਰੀਕਾ ਦੀ ਨੋਵਾਵੈਕਸ ਕੰਪਨੀ ਨੇ ‘ਕੋਵੋਵੈਕਸ’ ਦਵਾਈ ਲਈ ਭਾਰਤ ਦੀ ਸਿਰਮ ਇੰਸਟੀਚਿਊਟ ਨਾਲ ਲਾਇਸੈਂਸ ਸਬੰਧੀ ਸਮਝੌਤੇ ਦਾ ਐਲਾਨ ਕੀਤਾ ਸੀ।

Share