ਸਿਆਸੀ ਪਾਰਟੀਆਂ ਅੰਦੋਲਨ ‘ਚ ਸ਼ਰਾਰਤੀਆਂ ਨੂੰ ਭੇਜ ਸੰਘਰਸ਼ ਨੂੰ ਪਹੁੰਚਾ ਸਕਦੀ ਹੈ ਨੁਕਸਾਨ: ਕਿਸਾਨ ਮਜ਼ਦੂਰ ਆਗੂਆਂ ਨੇ ਖਦਸ਼ਾ ਕੀਤਾ ਜ਼ਾਹਿਰ

557
Share

ਜੰਡਿਆਲਾ ਗੁਰੂ, 3 ਦਸੰਬਰ (ਪੰਜਾਬ ਮੇਲ)- ਜੰਡਿਆਲਾ ਗੁਰੂ ਰੇਲ ਰੋਕ ਅੰਦੋਲਨ 72ਵੇਂ ਦਿਨ ਵਿੱਚ ਪਹੁੰਚ ਗਿਆ ਹੈ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਰੇਲਵੇ ਪਾਰਕ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਵਿਰੁੱਧ ਪ੍ਰਦਰਸ਼ਨ ਜਾਰੀ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਿੱਲੀ ਸੰਘਰਸ਼ ਲਈ ਕੁੰਡਲੀ ਬਾਰਡਰ ‘ਤੇ ਗਏ ਹੋਏ ਜੱਥਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਮੋਰਚਾ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਲਖਵਿੰਦਰ ਸਿੰਘ ਵਰਿਆਮ ਦੀ ਅਗਵਾਈ ‘ਚ ਚੱਲ ਰਿਹਾ ਹੈ। ਆਗੂਆਂ ਦੱਸਿਆ ਮੋਰਚੇ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਵੱਡੇ ਪੱਧਰ ‘ਤੇ ਗੁਜਰਾਤ, ਐੱਮ.ਪੀ., ਰਾਜਸਥਾਨ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕੀਤੀ। ਆਗੂਆਂ ਨੇ ਖਦਸ਼ਾ ਪ੍ਰਗਟਾਇਆ ਸਿਆਸੀ ਪਾਰਟੀਆਂ ਅੰਦੋਲਨ ਵਿੱਚ ਸ਼ਰਾਰਤੀ ਬੰਦੇ ਵਾੜ ਕੇ ਇਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਇਹ ਸ਼ਰਾਰਤੀ ਕਿਸਾਨੀ ਭੇਸ ਵਿਚ ਗਲਤ ਬਿਆਨੀ ਕਰ ਕੇ ਮੋਰਚੇ ਦਾ ਅਕਸ ਵਿਗਾੜ ਸਕਦੇ ਹਨ। ਇਸ ਲਈ ਘੋਲ ਦੀ ਰਾਖੀ ਕਰਨੀ ਚਾਹੀਦੀ ਹੈ। ਆਗੂਆਂ ਕਿਹਾ ਕੈਪਟਨ ਸਰਕਾਰ ਵੀ ਹੁਣ ਦਿੱਲੀ ਸਿਆਸੀ ਰੋਟੀਆਂ ਸੇਕਣ ਚੱਲੀ ਹੈ। ਕਿਸਾਨ ਆਗੂਆਂ ਨੇ ਕਿਹਾ ਇਹ ਘੋਲ ਦੇਸ਼ ਪੱਧਰੀ ਹੈ। ਇਸ ਮੌਕੇ ਮੋਹਰ ਸਿੰਘ ਤਲਵੰਡੀ, ਸੁਖਦੇਵ ਸਿੰਘ, ਰਣਜੀਤ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ, ਉਰਮਿਲ ਸਿੰਘ ਬੱਜੂਮਾਨ ਨੇ ਸੰਬੋਧਨ ਕੀਤਾ।


Share