ਸਿਆਟਲ ਵਿਚ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਦਿਵਸ ਮਨਾਇਆ

181
1. ਗੁਰੂਘਰ ਦਾ ਕੀਰਤਨੀ ਜੱਥਾ ਭਾਈ ਕੁਲਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਰੰਗੀਲਾ ਤੇ ਭਾਈ ਮਨਿੰਦਰ ਸਿੰਘ ਰਸਭਿੰਨਾ ਕੀਰਤਨ ਕਰਦੇ ਸਮੇਂ।
Share

ਸਿਆਟਲ, 24 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਾ ਮਾਰਗ ਐਬਰਨ ਵਿਖੇ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਰੰਗੀਲਾ ਤੇ ਭਾਈ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਇਸ ਮੌਕੇ ਡਾ. ਅੰਗਦ ਸਿੰਘ ਨੇ ਸਿਆਟਲ ਯੂਨੀਵਰਸਿਟੀ ਹਸਪਤਾਲ ’ਚੋਂ ਪਹੁੰਚ ਕੇ ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਬਾਰੇ ਸੂਚਿਤ ਕੀਤਾ ਅਤੇ ਟੀਕੇ ਲਗਵਾ ਕੇ, ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਇਸ ਮੌਕੇ ਗੁਰੂ ਘਰ ਦੀ ਸਟੇਜ ਵੱਲੋਂ ਹਰਸ਼ਿੰਦਰ ਸਿੰਘ ਸੰਧੂ ਨੇ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਰਾਜ ਦੇ ਪਿੱਠੂ ਮਹੰਤ ਨਰਾਇਣ ਦਾਸ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਧਾਰਮਿਕ ਮਰਿਯਾਦਾ ਦੇ ਵਿਰੁੱਧ, ਆਪਣੇ ਐਸ਼ੋ-ਆਰਾਮ ਲਈ ਵਰਤਣ ਲੱਗੇ, ਜਿਸ ’ਤੇ ਸਿੱਖ ਸੰਗਤ ਨੇ ਇਤਰਾਜ਼ ਉਠਾਇਆ। ਧੀਰੋਵਾਲ ਤੋਂ 150 ਸਿੱਖਾਂ ਦੀ ਅਗਵਾਈ ਕਰਕੇ ਭਾਈ ਲਛਮਣ ਸਿੰਘ 20 ਫਰਵਰੀ, 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਲਈ ਪਹੁੰਚੇ, ਜਿੱਥੇ ਗੋਰਿਆਂ ਦੇ ਪਿੱਠੂ ਮਹੰਤ ਨਾਰਾਇਣ ਦਾਸ ਦੇ ਚਹੇਤਿਆਂ ਨੇ ਗੋਲੀਆਂ ਚਲਾ ਕੇ ਕਈ ਸਿੰਘ ਸ਼ਹੀਦ ਕਰ ਦਿੱਤੇ, ਪਰੰਤੂ ਭਾਈ ਲਛਮਣ ਸਿੰਘ ਜੀ ਤੇ ਜੱਥਾ ਅਰਦਾਸ ਕਰਕੇ ਗੁਰਦੁਆਰਾ ਆਜ਼ਾਦ ਕਰਾਉਣ ਲਈ ਪਹੁੰਚਿਆ, ਜੋ ਸ਼ਹੀਦੀਆਂ ਪਾ ਕੇ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿ) ਆਜ਼ਾਦ ਕਰਾਇਆ। ਉਨ੍ਹਾਂ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ। ਕਵੀ ਕੇਹਰ ਸਿੰਘ ਤਾਲਿਬ ਦੇ ਲੜਕੇ ਮਨਜੀਤ ਸਿੰਘ ਖੋਸਾ ਦੇ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ।

Share