ਸਿਆਟਲ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮੰਗ ਅਨੁਸਾਰ ਭਾਰਤੀ ਕੌਂਸਲੇਟ ਦਫਤਰ ਖੋਲ੍ਹਣ ਦਾ ਐਲਾਨ ਜਲਦ : ਤਰਨਜੀਤ ਸੰਧੂ

50
ਸਿਆਟਲ ਵਿਚ ਤਰਨਜੀਤ ਸਿੰਘ ਸੰਧੂ ਦੇ ਸਵਾਗਤ ਤੇ ਸਨਮਾਨ ਦੀ ਤਸਵੀਰ।

ਸਿਆਟਲ, 7 ਦਸੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅਮਰੀਕਾ ਵਿਚ ਭਾਰਤ ਸਰਕਾਰ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਸਰਕਾਰੀ ਦੌਰੇ ‘ਤੇ ਸਿਆਟਲ ਪਹੁੰਚੇ, ਜਿੱਥੇ ਭਾਰਤੀ ਮੂਲ ਦੇ ਅਤੇ ਪੰਜਾਬੀ ਭਾਈਚਾਰੇ ਵੱਲੋਂ ਡਾ. ਬੌਬੀ ਵਿਰਕ ਤੇ ਸੇਮ ਵਿਰਕ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤੀ ਸਮਾਰੋਹ ਕੈਂਟ ਈਵੈਂਟ ਸੈਂਟਰ ਦੇ ਬੈਂਕੁਇਟ ਹਾਲ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦਿਆਂ ਡਾ. ਬੌਬੀ ਵਿਰਕ ਨੇ ਦੱਸਿਆ ਕਿ ਭਾਰਤ-ਅਮਰੀਕਾ ਦੇ ਗੂੜ੍ਹੇ ਸੰਬੰਧ ਬਣਾਉਣ ਵਿਚ ਮਿਹਨਤ ਕਰਕੇ ਤਰਨਜੀਤ ਸਿੰਘ ਸੰਧੂ ਦੀ ਨੌਕਰੀ ਵਿਚ ਭਾਰਤ ਦੇ ਰਾਜਦੂਤ ਵਜੋਂ ਇਕ ਸਾਲ ਦਾ ਭਾਰਤ ਸਰਕਾਰ ਵੱਲੋਂ ਵਾਧਾ ਕਰਨ ‘ਤੇ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਵਧਾਈ ਦਿੱਤੀ। ਉਪਿੰਦਰ ਸਿੰਘ ਢੀਂਡਸਾ ਨੇ ਆਪਣੇ ਭਾਸ਼ਣ ਵਿਚ ਤਰਨਜੀਤ ਸਿੰਘ ਸੰਧੂ ਦਾ ਸਵਾਗਤ ਕਰਦਿਆਂ ਪੰਜਾਬੀ ਭਾਈਚਾਰੇ ਵੱਲੋਂ ਸਿਆਟਲ ਪੁੰਚਣ ‘ਤੇ ਧੰਨਵਾਦ ਕੀਤਾ। ਪੰਜਾਬੀ ਭਾਈਚਾਰੇ ਦੇ ਬੁਲਾਰੇ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਰਨਜੀਤ ਸਿੰਘ ਸੰਧੂ ਸਿੱਖ ਕੌਮ ਦੀ ਸਿਰਮੌਰ ਹਸਤੀ, ਤੇਜਾ ਸਿੰਘ ਸਮੁੰਦਰੀ ਦੇ ਪੋਤੇ ਅਤੇ ਬਿਸ਼ਨ ਸਿੰਘ ਸਮੁੰਦਰੀ, ਪਿੰ੍ਰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਤੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੁੱਤਰ ਹਨ, ਜਿਨ੍ਹਾਂ ‘ਤੇ ਪੰਜਾਬੀਆਂ ਨੂੰ ਮਾਣ ਹੈ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੇ ਮੁੱਖ ਫੈਸਲੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਇਆ ਕਰਦੇ ਸਨ ਅਤੇ ਸਿੱਖ ਕੌਮ ਦਾ ਹੈੱਡ ਕੁਆਰਟਰ ਮੰਨਿਆ ਜਾਂਦਾ ਸੀ। ਇਸ ਮੌਕੇ ਲੈਫ. ਗਵਰਨਰ ਡੈਨੀ ਹੈਕ ਤੇ ਕੈਂਟ ਦੀ ਮੇਅਰ ਡਾਨਾ ਰੈਲਫ ਨੇ ਪੰਜਾਬੀ ਭਾਈਚਾਰੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਤਰੱਕੀ ਕੀਤੀ ਹੈ। ਇਸ ਮੌਕੇ ਮਿਸ ਵਿਸ਼ਵ ਪੰਜਾਬਣ ਬਣੀ ਮਿਸ ਸੈਣੀ, ਜਗਦੀਸ਼ ਸ਼ਰਮਾ ਤੇ ਡਾ. ਮਾਥੁਰ ਨੇ ਇੰਡੋ-ਅਮਰੀਕਨ ਦੋਸਤੀ ਵੱਲੋਂ ਭਾਸ਼ਣ ਤੋਂ ਬਾਅਦ ਭਾਰਤ ਦੇ ਰਾਜਦੂਤ ਤੇ ਕੌਂਸਲੇਟ ਜਨਰਲ ਡਾ. ਨਗੇਂਦਰਾ ਪ੍ਰਸ਼ਾਦ ਨੂੰ ਸਨਮਾਨਿਤ ਕੀਤਾ। ਬੋਇੰਗ ਦੇ ਇੰਜੀਨੀਅਰ ਗਰੁੱਪ ਦੇ ਪੰਜਾਬੀਆਂ ਨੇ ਮਿਲ ਕੇ ਰਾਜਦੂਤ ਨੂੰ ਸਨਮਾਨਿਤ ਕੀਤਾ। ਅਖੀਰ ਵਿਚ ਹਰਦੇਵ ਸਿੰਘ ਜੱਜ ਨੇ ਪੰਜਾਬੀ ਭਾਈਚਾਰੇ ਵੱਲੋਂ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਪ੍ਰਵਾਨ ਕਰ ਲਿਆ ਗਿਆ।