
ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਸਿਆਟਲ, 10 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਥੋੜ੍ਹੀ-ਥੋੜ੍ਹੀ ਸੰਗਤ ਦੀ ਹਾਜ਼ਰੀ ਵਿਚ ਤਾਲਬੰਦੀ ਦੇ ਚੱਲਦਿਆਂ ਜੂਨ 84 ਘੱਲੂਘਾਰਾ ਦੀ 36ਵੀਂ ਵਰ੍ਹੇਗੰਢ ਮਨਾਈ ਗਈ। ਗੁਰਦੁਆਰਾ ਸੱਚਾ ਮਾਰਗ ਵਿਚ ਹੈੱਡ ਗ੍ਰੰਥੀ ਭਾਈ ਮੋਹਣ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਭਾਈ ਕੁਲਵਿੰਦਰ ਸਿੰਘ ਦੇ ਕੀਰਤਨੀਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਭਾਈ ਮੋਹਣ ਸਿੰਘ ਨੇ ਦੱਸਿਆ ਕਿ 36 ਸਾਲ ਬੀਤ ਜਾਣ ‘ਤੇ ਵੀ ਨਿਹੱਥੇ ਤੇ ਬੇਗੁਨਾਹ ਸ਼ਰਧਾਲੂ ਮਾਰੇ ਜਾਣ ਅਤੇ ਅਕਾਲ ਤਖ਼ਤ ਢਾਹੇ ਜਾਣ ‘ਤੇ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ। ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਿਆਟਲ ਦੇ ਕਵੀਸ਼ਰੀ ਜੱਥੇ ਕਾਕਾ ਹਰਜੋਤ ਸਿੰਘ ਤੇ ਕਾਕਾ ਭਗੀਰਥ ਸਿੰਘ ਨੇ ਫੇਸਬੁੱਕ ‘ਤੇ ਜੂਨ 84 ਘੱਲੂਘਾਰਾ ਤੇ ਰੋਸਮਈ ਵਾਰਾਂ ਸੁਣਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਅਤੇ ਘੱਲੂਘਾਰੇ ਦਾ ਦੁਖਾਂਤ ਪ੍ਰਗਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।