-ਨਾਰਥ ਅਮਰੀਕਾ ਦੇ 300 ਬੱਚਿਆਂ ਨੇ 22 ਤੋਂ 27 ਜੂਨ ਤੱਕ ਲਿਆ ਹਿੱਸਾ
ਸਿਆਟਲ, 29 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸਿੰਘ ਸਭਾ ਵਿਚ 22 ਤੋਂ 27 ਜੂਨ ਤੱਕ ਗੁਰਮਤਿ ਸਮਰ ਕੈਂਪ ਚੱਲਿਆ, ਜਿੱਥੇ ਨਾਰਥ ਅਮਰੀਕਾ ਤੋਂ 300 ਬੱਚਿਆਂ ਨੇ ਹਿੱਸਾ ਲਿਆ ਅਤੇ ਗੁਰਮਰਿਯਾਦਾ ਦੇ ਨਿਯਮਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ ਗਿਆ। ਗੁਰਦੇਵ ਸਿਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੂੰ ਗੁਰਮਰਿਯਾਦਾ ਅਨੁਸਾਰ ਗੁਰਸਿੱਖੀ ਦੇ ਅਸੂਲਾਂ ਬਾਰੇ ਦੱਸਿਆ ਗਿਆ।

ਵੱਖ-ਵੱਖ ਪ੍ਰੋਗਰਾਮਾਂ ਦੀਆਂ ਵਰਕਸ਼ਾਪਾਂ ਵਿਚ ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੀ ਖਾਣਾ ਚਾਹੀਦਾ ਹੈ। ਉਸ ਦੇ ਲਾਭ-ਹਾਨੀ ਬਾਰੇ ਸਮਝਾਇਆ ਗਿਆ। ਸੋਸ਼ਲ ਮੀਡੀਆ ਦੇ ਨੁਕਸਾਨ ਤੇ ਫਾਇਦੇ ਦੱਸ ਕੇ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਜੰਗੀ ਸਾਜ਼ਾਂ ਬਾਰੇ ਤੇ ਤੀਰ ਅੰਦਾਜ਼ ਬਾਰੇ ਸਮਝਾਇਆ ਗਿਆ ਤੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਕੈਂਪ ਵਿਚ ਰੋਜ਼ਾਨਾ ਨਿਤਨੇਮ, ਕੀਰਤਨ ਤੇ ਮੁੱਖ ਵਾਕ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਕੈਲੀਫੋਰਨੀਆ ਤੋਂ ਗੁਰਭੇਜ ਸਿੰਘ ਖਾਲਸਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਬੱਚਿਆਂ ਨੂੰ ਸਿੱਖਿਅਤ ਕੀਤਾ। ਸਮਰ ਗੁਰਮਤਿ ਕੈਂਪ ਕਾਮਯਾਬ ਰਿਹਾ, ਜਿਸ ਵਾਸਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਰਿਹਾ।