ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਗੁਰਪੁਰਬ ਮਨਾਇਆ

129
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਂਟ ’ਚ ਭਾਈ ਦਲਜੀਤ ਸਿੰਘ ਤੇ ਭਾਈ ਕੁਲਬੀਰ ਸਿੰਘ ਦਾ ਕੀਰਤਨੀ ਜੱਥਾ ਗੁਰਪੁਰਬ ਦੀ ਖੁਸ਼ੀ ਵਿਚ ਗੁਰੂ ਦਾ ਜਸ ਗਾਇਨ ਕਰਦਾ ਹੋਇਆ।
Share

ਸਿਆਟਲ, 5 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਗੁਰਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ’ਚ ਮਨਾਇਆ ਗਿਆ, ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕੈਂਟ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਭਾਈ ਦਲਜੀਤ ਸਿੰਘ ਤੇ ਭਾਈ ਕੁਲਬੀਰ ਸਿੰਘ ਦੇ ਕੀਰਤਨੀ ਜੱਥਿਆਂ ਨੇ ਸ੍ਰੀ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕੁਰਬਾਨੀਆਂ ਅਤੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੀਆ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਈ ਰਘਬੀਰ ਸਿੰਘ ਤੇ ਭਾਈ ਤਜਿੰਦਰ ਸਿੰਘ ਦੇ ਲੜਕੇ ਦੀ ਸ਼ਾਦੀ ਸਮਾਗਮਾਂ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਤੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ। ਗੁਰੂ ਘਰ ਵੱਲੋਂ ਭਾਈ ਹਰਦਿਆਲ ਸਿੰਘ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਨਵੀਂ ਬਣ ਰਹੀ ਗੁਰੂ ਘਰ ਦੀ ਇਮਾਰਤ ਲਈ ਸਹਿਯੋਗ ਦੇਣ ਦੀ ਮੰਗ ਕੀਤੀ।
ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਵੀ ਸਿਆਟਲ ਦੇ ਟਰੱਕ ਮਾਲਕਾਂ ਤੇ ਡਰਾਈਵਰਾਂ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ ਜੀ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਸਟੇਜ ਤੋਂ ਸਕੱਤਰ ਭਾਈ ਹਰਜਿੰਦਰ ਸਿੰਘ ਸੰਧੂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਕਰੋਨਾ ਮਹਾਂਮਾਰੀ ਦੇ ਬਚਾਉ ਲਈ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਅਖੀਰ ’ਚ ਭਾਈ ਮੋਹਣ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਭਾਈ ਹਰਸ਼ਿੰਦਰ ਸਿੰਘ ਸੰਧੂ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਸਮੇਂ।

ਗੁਰਦੁਆਰਾ ਸਿੰਘ ਸਭਾ ਰੈਨਟਨ, ਗੁਰਦੁਆਰਾ ਬੋਥਲ ਅਤੇ ਮੈਰੀਸਵੈਲ ਵਿਚ ਵੀ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ, ਜਿੱਥੇ ਸੰਗਤਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।


Share