ਸਿਆਟਲ ਦੇ ਪੰਜਾਬੀ ਭਾਈਚਾਰੇ ਤੇ ਬੱਚਿਆਂ ਵੱਲੋਂ ਪਦਮਸ਼੍ਰੀ ਬਾਬਾ ਸੇਵਾ ਸਿੰਘ ਜੀ ਦਾ ਨਿੱਘਾ ਸਵਾਗਤ

175
ਸਿਆਟਲ ਦੇ ਪੰਜਾਬੀ ਭਾਈਚਾਰੇ ਤੇ ਖੇਡ ਕੈਂਪ ਦੇ ਬੱਚਿਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਬਾਬਾ ਸੇਵਾ ਸਿੰਘ ਜੀ ਦਾ ਖੇਡ ਕੈਂਪ ਵਿਚ ਪਹੁੰਚਣ ’ਤੇ ਸਵਾਗਤ ਕਰਦੇ ਸਮੇਂ।
ਸਿਆਟਲ, 27 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਖੇਡ ਕੈਂਪ ਦੇ ਬੱਚਿਆਂ ਤੇ ਪੰਜਾਬੀ ਭਾਈਚਾਰੇ ਵੱਲੋਂ ਪਦਮਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਦੇ ਕਾਰਸੇਵਾ ਵਾਲਿਆਂ ਦਾ ਸਿਆਟਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੇਵਾਦਾਰ ਜਗੀਰ ਸਿੰਘ ਸੰਧੂ ਸੇਵਾਮੁਕਤ ਜਨਰਲ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਤੇ ਐਡਮਿੰਟਨ (ਕੈਨੇਡਾ) ਤੋਂ ਪਹੁੰਚੇ ਸਮਾਜਸੇਵੀ ਗੁਰਨਾਮ ਸਿੰਘ ਡੋਡ ਦਾ ਵੀ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਸਵਾਗਤੀ ਭਾਸ਼ਣ ਵਿਚ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਨੇ ਗੁਰਦੁਆਰਿਆਂ, ਵਿੱਦਿਆ ਤੇ ਖੇਡਾਂ ਦੇ ਖੇਤਰ ਵਿਚ ਮਹਾਨ ਸੇਵਾ ਕੀਤੀ ਹੈ ਅਤੇ ਇਲਾਕੇ ’ਚ ਹਰਿਆਵਲੀ ਵਾਸਤੇ ਦਰੱਖਤ ਤੇ ਬੂਟੇ ਲਗਾ ਕੇ ਸੇਵਾ ਕੀਤੀ ਹੈ।
ਹਰਸ਼ਿੰਦਰ ਸਿੰਘ ਸੰਧੂ ਨੇ ਬੋਲਦਿਆਂ ਦੱਸਿਆ ਕਿ ਬਾਬਾ ਸੇਵਾ ਸਿੰਘ ਪਿਛਲੇ 50 ਸਾਲ ਤੋਂ ਅਣਥੱਕ ਮਿਹਨਤ ਕਰਕੇ ਸੇਵਾ ਕਰ ਰਹੇ ਹਨ। ਬਾਬਾ ਸੇਵਾ ਸਿੰਘ ਨੇ ਧੰਨਵਾਦੀ ਭਾਸ਼ਣ ਵਿਚ ਸਿਆਟਲ ਨਿਵਾਸੀਆਂ ਦੀ ਸ਼ਲਾਘਾ ਕੀਤੀ ਕਿ ਬੱਚਿਆਂ ਦਾ ਖੇਡ ਕੈਂਪ ਲਗਾ ਕੇ ਸਰੀਰਕ ਤੰਦਰੁਸਤੀ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਸ਼ਾਨਦਾਰ ਉਪਰਾਲਾ ਕਰ ਰਹੇ ਹਨ। ਧਰਮ ਸਿੰਘ ਮੈਰੀਪੁਰ ਨੇ 21 ਹਜ਼ਾਰ ਡਾਲਰ, ਸੇਮ ਵਿਰਕ ਨੇ 1 ਹਜ਼ਾਰ ਡਾਲਰ ਤੇ ਬੱਚਿਆਂ ਦੇ ਖੇਡ ਕੈਂਪ ਵੱਲੋਂ 500 ਡਾਲਰ ਦੀ ਸੇਵਾ ਕਾਰਸੇਵਾ ਵਿਚ ਵੱਡਮੁੱਲਾ ਯੋਗਦਾਨ ਪਾ ਕੇ, ਬਾਬਾ ਸੇਵਾ ਸਿੰਘ ਵੱਲੋਂ ਕਾਰਸੇਵਾ ਲਈ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ।