
ਸਿਆਟਲ, 8 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ ਅਤੇ ਭਾਈ ਕੁਲਵਿੰਦਰ ਸਿੰਘ ਤੇ ਭਾਈ ਮਨਜੀਤ ਸਿੰਘ ਨੇ ਕੀਰਤਨ ਕਰਕੇ ਗੁਰੂ ਦੀ ਉਪਮਾ ਕੀਤੀ। ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਲੰਗਰਾਂ ਦੀ ਸੇਵਾ ਕਰਨ ਵਾਲੇ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਧਾਲੀਵਾਲ ਤੇ ਕੀਰਤਨੀ ਜੱਥੇ ਦੇ ਭਾਈ ਮਨਜੀਤ ਸਿੰਘ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਭਾਰੀ ਗਿਣਤੀ ਵਿਚ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ। ਅਖੀਰ ਵਿਚ ਹਰਸ਼ਿੰਦਰ ਸਿੰਘ ਸੰਧੂ ਨੇ ਗੁਰੂ ਦੀ ਨਵੀਂ ਇਮਾਰਤ ਲਈ ਬੁੱਧਵਾਰ ਨੂੰ 1 ਵਜੇ ਰੱਖੀ ਮੀਟਿੰਗ ’ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।