ਸਿਆਟਲ ’ਚ ਭਾਰਤੀ ਤੇ ਪਾਕਿਸਤਾਨ ਮੂਲ ਦੇ ਨਾਗਰਿਕਾਂ ਨੇ ਮਿਲ ਕੇ ਈਦ ਮਨਾਈ

132
ਭਾਰਤੀ ਤੇ ਪਾਕਿਸਤਾਨੀ ਮੂਲ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਈਦ ਮਨਾਉਦੇ ਸਮੇਂ।
Share

ਸਿਆਟਲ, 19 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਈਦ ’ਤੇ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਨਾਗਰਿਕਾਂ ਨੇ ਮਿਲ ਕੇ ਈਦ ਮਨਾਈ ਅਤੇ ਇਕ ਦੂਸਰੇ ਨੂੰ ਈਦ ਮੁਬਾਰਕ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਪਾਕਿਸਤਾਨੀ ਮੂਲ ਦੇ ਨਕੀਬ ਰਹਿਮਾਨ ਤੇ ਰਾਜਾ ਰਹਿਮਾਨ ਦੇ ਵਿਸ਼ੇਸ਼ ਸੱਦੇ ’ਤੇ ਦੋਸਤ-ਮਿੱਤਰਾਂ ਤੇ ਸਨੇਹੀਆਂ ਨੂੰ ਬੁਲਾਇਆ, ਜਿੱਥੇ ਸੇਮ ਵਿਰਕ ਵੱਲੋਂ ਮਹਾਰਾਜਾ ਪੈਲੇਸ ਤੋਂ ਵੰਨ-ਸਵੰਨੇ ਖਾਣੇ ਤਿਆਰ ਕਰਵਾ ਕੇ ਸੇਵਾ ਨਿਭਾਈ ਗਈ। ਇਸ ਮੌਕੇ ਨਕੀਬ ਰਹਿਮਾਨ ਤੇ ਰਾਜਾ ਰਹਿਮਾਨ ਨੇ ਈਦ ਦੀ ਵਿਸ਼ੇਸ਼ਤਾ ਤੇ ਮਹਾਨਤਾ ਬਾਰੇ ਚਾਨਣਾ ਪਾਇਆ। ਅਮਰੀਕ ਸਿੰਘ ਵਿਰਕ ਤੇ ਡਾ. ਰਵੀ ਨਿੱਝਰ ਐੱਮ.ਡੀ. ਨੇ ਕਿਸਾਨ ਅੰਦੋਲਨ ਤੇ ਕੋਵਿਡ-19 ਮਹਾਂਮਾਰੀ ਬਿਮਾਰੀ ਬਾਰੇ ਵਿਚਾਰ-ਚਰਚਾ ਕੀਤੀ। ਪੰਜਾਬ ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਵਿੰਦਰ ਕੁਮਾਰ ਰਿਸ਼ੀ ਅਤੇ ਮਨਮੋਹਣ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਾਰੇ ਧਰਮਾਂ ਤੇ ਜਾਤਾਂ ਨੂੰ ਬਰਾਬਰ ਸਮਝਣ ’ਤੇ ਜ਼ੋਰ ਦਿੱਤਾ। ਇਸ ਮੌਕੇ ਪਰਿਵਾਰਾਂ ਸਮੇਤ ਪਹੁੰਚ ਕੇ ਈਦ ਦਾ ਦਿਵਸ ਬੜੇ ਉਤਸ਼ਾਹ ਨਾਲ ਮਨਾਉਣ ਨੂੰ ਵਡਭਾਗਾ ਦੱਸਿਆ। ਗੁਰਪ੍ਰੀਤ ਸਿੰਘ ਗੋਗਾ ਵਿਰਕ ਨੇ ਅਖੀਰ ਵਿਚ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Share