ਸਿਆਟਲ ’ਚ ਬੱਚਿਆਂ ਦਾ ਖੇਡ ਕੈਂਪ 3 ਜੁਲਾਈ ਤੋਂ ਸ਼ੁਰੂ ਕਰਨ ਦਾ ਫੈਸਲਾ

1149
ਬੱਚਿਆਂ ਕੇ ਮਾਪੇ, ਬਜ਼ੁਰਗ ਅਤੇ ਖੇਡ ਪ੍ਰੇਮੀਆਂ ਵੱਲੋਂ ਲੋੜੀਂਦੇ ਇੰਤਜ਼ਾਮ ਕਰਕੇ 3 ਜੁਲਾਈ ਤੋਂ ਖੇਡ ਕੈਂਪ ਸ਼ੁਰੂ ਕਰਨ ਦਾ ਫੈਸਲਾ ਕਰਦੇ ਸਮੇਂ।
Share

– 3 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਖੇਡ ਕੈਂਪ ਉੱਡਣਾ ਸਿੱਖ ਮਿਲਖਾ ਸਿੰਘ ਨੂੰ ਹੋਵੇਗਾ ਸਮਰਪਿਤ
– ਬੱਚਿਆਂ ਨੂੰ ਖੁੱਲ੍ਹਾ ਸੱਦਾ
ਸਿਆਟਲ, 23 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪਿਛਲੇ 10 ਸਾਲ ਤੋਂ ਹਰੇਕ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੂਨ, ਜੁਲਾਈ ਤੇ ਅਗਸਤ ਤਿੰਨੇ ਮਹੀਨੇ ਲਗਾਤਾਰ ਵਾਲੰਟੀਅਰ ਸੇਵਾਦਾਰਾਂ ਵੱਲੋਂ ਬੱਚਿਆਂ ਦਾ ਖੇਡ ਕੈਂਪ ਲਗਾਇਆ ਜਾਂਦਾ ਰਿਹਾ ਹੈ। ਪਿਛਲੇ ਸਾਲ ਕਰੋਨਾ ਮਹਾਂਮਾਰੀ ਕਰਕੇ ਕੈਂਪ ਨਹੀਂ ਲਗਾਇਆ ਜਾ ਸਕਿਆ। ਅਮਰੀਕਾ ਦੇ ਸਿਹਤ ਵਿਭਾਗ ਅਨੁਸਾਰ ਜੁਲਾਈ ਪਹਿਲੀ ਤੋਂ ਵੈਕਸੀਨ ਦੇ ਟੀਕੇ ਲੱਗਣ ਕਾਰਨ ਆਮ ਵਰਗੇ ਹਾਲਾਤ ਹੋਣਗੇ ਅਤੇ ਸਭ ਕੁੱਝ ਖੁੱਲ੍ਹ ਜਾਵੇਗਾ, ਜਿਸ ਕਰਕੇ ਪ੍ਰਬੰਧਕਾਂ ਤੇ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਕੇ 3 ਜੁਲਾਈ ਤੋਂ ਸ਼ਾਮ 5 ਵਜੇ ਬੱਚਿਆਂ ਦੀ ਸਿਹਤਯਾਬੀ ਵਾਸਤੇ ਅਰਦਾਸ ਕਰਕੇ ਬੱਚਿਆਂ ਦੇ ਖੇਡ ਕੈਂਪ ਦਾ ਸ਼ੁੱਭ ਆਰੰਭ ਕੀਤਾ ਜਾ ਰਿਹਾ ਹੈ। ਜੁਲਾਈ ਤੇ ਅਗਸਤ ਦੋ ਮਹੀਨੇ ਹਰੇਕ ਸ਼ਨੀਵਾਰ ਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਬੱਚਿਆਂ ਦੀ ਸਰੀਰਕ ਤੰਦਰੁਸਤੀ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਖੇਡ ਕੈਂਪ ਚੱਲੇਗਾ। ਬੱਚਿਆਂ ਨੂੰ ਸਰੀਰਕ ਫਿਟਨੈੱਸ ਤੇ ਵੱਖ-ਵੱਖ ਖੇਡਾਂ ’ਚ ਕੋਚਿੰਗ ਮੁਹੱਈਆ ਕੀਤੀ ਜਾਵੇਗੀ, ਜਿਸ ਵਾਸਤੇ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ, ਸਗੋਂ ਪੰਜਾਬੀ ਭਾਈਚਾਰੇ ਦੇ ਦਾਨੀ ਸੱਜਣਾਂ ਵੱਲੋਂ ਖੇਡ ਕਿੱਟਾਂ ਤੇ ਰੀਫਰੈਸ਼ਮੈਂਟ ਦੀ ਮੁਫਤ ਸੇਵਾ ਕੀਤੀ ਜਾਵੇਗੀ। ਬੱਚਿਆਂ, ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਇਹ ਖੇਡ ਕੈਂਪ ਉੱਘੇ ਐਥਲੀਟ ਮਰਹੂਮ ਮਿਲਖਾ ਸਿੰਘ ਨੂੰ ਸਮਰਪਿਤ ਹੋਵੇਗਾ।
ਵਧੇਰੇ ਜਾਣਕਾਰੀ ਲਈ ਗੁਰਚਰਨ ਸਿੰਘ ਢਿੱਲੋਂ (206-412-1559) ਨਾਲ ਸੰਪਰਕ ਕੀਤਾ ਜਾ ਸਕਦਾ ਹੈ। 5 ਸਾਲ ਤੋਂ 20 ਤੱਕ ਦੀ ਉਮਰ ਦੇ ਲੜਕੇ, ਲੜਕੀਆਂ ਅਤੇ ਨੌਜਵਾਨ ਤੇ ਖੇਡ ਪ੍ਰੇਮੀ ਸ਼ਾਮਲ ਹੋ ਸਕਦੇ ਹਨ। ਇਸ ਸਾਲ ਤੋਂ ਲਾਅਨ ਟੈਨਿਸ, ਬੈਡਮਿੰਟਨ ਤੇ ਜਿਮਨਾਸਟਿਕ ਤੇ ਵਾਲੀਬਾਲ ਦੀ ਸਿਖਲਾਈ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਯੋਗਾ ਦੀਆਂ ਕਲਾਸਾਂ ਦਾ ਇੰਤਜ਼ਾਮ ਹੋਵੇਗਾ।

Share