ਸਿਆਟਲ ’ਚ ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿਚ ਕਿਸਾਨਾਂ ਦੇ ਸਮਰਥਨ ’ਚ ਰੋਸ ਰੈਲੀ

641
ਸਿਆਟਲ ਵਿਚ ਕਿਸਾਨ ਹਿਤੈਸ਼ੀ ਨੌਜਵਾਨਾਂ, ਬਜ਼ੁਰਗਾਂ ਵੱਲੋਂ ਕਾਰ ਰੈਲੀ ਕੱਢ ਕੇ ਕਿਸਾਨ ਅੰਦੋਲਨ ਦੇ ਸਮਰਥਨ ਕਰਨ ਦੀਆਂ ਝਲਕੀਆਂ।
Share

ਸਿਆਟਲ, 10 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਵਿਚ ਅੱਤ ਦੀ ਠੰਡ ਵਿਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਦੇ ਹੱਕ ਵਿਚ ਸਿਆਟਲ ਵਿਚ ਰੋਸ ਰੈਲੀ ਕੱਢ ਕੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਅਪੀਲ ਕੀਤੀ ਗਈ। ਸਿਆਟਲ ਦੇ ਕਿਸਾਨ ਹਿਤੈਸ਼ੀਆਂ, ਨੌਜਵਾਨਾਂ, ਬਜ਼ੁਰਗ, ਮਰਦਾਂ ਤੇ ਔਰਤਾਂ ਨੇ ਫੈਡਰਲਵੇਅ ਤੋਂ ਵੱਡੇ ਕਾਫਲੇ ਨਾਲ ਆਈ-5 ’ਤੇ ਲੰਮੀ ਕਤਾਰ ਵਿਚ ਸਿਆਟਲ ਡਾਊਨ ਟਾਊਨ ਪਹੁੰਚ ਕੇ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਪੰਜਾਬੀ ਖਾਲਸਾ ਗੁਰਮਤਿ ਸਕੂਲ ਦੇ ਸੰਚਾਲਕ ਜਸਮੀਤ ਸਿੰਘ, ਹੀਰਾ ਸਿੰਘ ਭੁੱਲਰ, ਇੰਡੀਅਨ ਅਮਰੀਕਨ ਕੌਂਸਲ ਮੈਂਬਰ ਮੁਸਲਮ ਭਾਈ ਹਸਨ ਖਾਨ, ਹਿੰਦੂ ਹਿਊਮਨ ਰਾਈਟਸ ਵੱਲੋਂ ਗੇਜ਼ੋ ਮੁਰੀਨੇਲੋ, ਕਿੰਗ ਕਾਊਂਟੀ ਡਿਸਟਿ੍ਰਕ-5 ਦੀ ਸਵਾਤੀ ਗਰਗ, 35 ਲੈਜਿਸਲੇਟਿਵ ਸਟੇਟ ਦੇ ਨੁਮਾਇੰਦੇ ਡਾਰਸੀ ਹਫਮੈਨ, ਹਿਲੇਰੀ ਹੈਡਨ ਸਮੇਤ ਸਿਆਟਲ ਦੇ ਕਈ ਨੁਮਾਇੰਦਿਆਂ ਨੇ ਆਪਣੇ-ਆਪਣੇ ਭਾਸ਼ਣ ਵਿਚ ਕਿਸਾਨਾਂ ਨੂੰ ਸਮਰਥਨ ਦਿੱਤਾ ਅਤੇ ਭਾਰਤ ਸਰਕਾਰ ਨੂੰ ਤਿੰਨੇ ਕਿਸਾਨ ਵਿਰੋਧੀ ਬਿੱਲ ਰੱਦ ਕਰਨ ਦੀ ਅਪੀਲ ਕੀਤੀ। ਸਟੇਜ ਦਾ ਸੰਚਾਲਨ ਨੌਜਵਾਨ ਹਰਜੋਤ ਸਿੰਘ ਤੇ ਰੁਪਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰੀ ਅਤੇ ਬੜੇ ਸ਼ਾਂਤਮਈ ਮਾਹੌਲ ਵਿਚ ਰੋਸ ਰੈਲੀ ਕੱਢੀ ਗਈ, ਜਿੱਥੇ ਭਾਰਤੀ ਮੂਲ ਦੇ ਲੋਕਾਂ ਨੇ ਭਾਰਤ ਸਕਾਰ ਨੂੰ ਤਿੰਨੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਮਸਲੇ ਹੱਲ ਕਰਨ ’ਤੇ ਜ਼ੋਰ ਦਿੱਤਾ।

Share