ਸਿਆਟਲ ਗੁਰੂ ਘਰ ‘ਚ ਦੋ ਧੜਿਆਂ ਵਿਚਕਾਰ ਹੋਈ ਖੂਨੀ ਲੜਾਈ

619
Share

ਲੜਾਈ ਦੌਰਾਨ ਬਹੁਤੇ ਸਿੱਖਾਂ ਦੀਆਂ ਲੱਥੀਆਂ ਪੱਗਾਂ
ਲੰਮੇ ਸਮੇਂ ਤੋਂ ਇਕ ਦੂਜੇ ਨਾਲ ਰੱਖਦੇ ਸਨ ਰੰਜਿਸ਼

ਸਿਆਟਲ, 21 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਸਿਆਟਲ ਸ਼ਹਿਰ ਦੇ ਰੈਂਟਨ ਗੁਰੂ ਘਰ ਵਿਖੇ ਦੋ ਧੜਿਆਂ ਵਿਚ ਲੜਾਈ ਹੋਈ, ਜਿਸ ਦੌਰਾਨ ਤਲਵਾਰਾਂ, ਬੇਸਬੈਟ ਅਤੇ ਹੋਰ ਹਥਿਆਰਾਂ ਦਾ ਖੁੱਲ੍ਹ ਕੇ ਵਰਤੋਂ ਕੀਤੀ ਗਈ।
ਇਸ ਲੜਾਈ ਦੌਰਾਨ ਬਹੁਤੇ ਸਿੱਖਾਂ ਦੀਆਂ ਪੱਗਾਂ ਲੱਥ ਗਈਆਂ। ਇਸ ਵਿਚ ਘੱਟੋ-ਘੱਟ 6 ਵਿਅਕਤੀ ਜ਼ਖਮੀ ਹੋ ਗਏ। ਸੂਚਨਾ ਅਨੁਸਾਰ ਇਹ ਝਗੜਾ ਦੋ ਗੁੱਟਾਂ ਵਿਚ ਹੋਇਆ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਇਕ ਦੂਜੇ ਨਾਲ ਰੰਜਿਸ਼ ਰੱਖਦੇ ਸਨ। ਇਹ ਘਟਨਾ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਹੋਈ, ਜੋ ਵਧਦੀ-ਵਧਦੀ ਮੁੱਖ ਗੇਟ ਤੱਕ ਪਹੁੰਚ ਗਈ। ਪੁਲਿਸ ਵਿਭਾਗ ਦੇ ਸੂਚਨਾ ਅਧਿਕਾਰੀ ਸਿੰਡੀ ਮੋਰਿਸ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਵੱਡੀ ਲੜਾਈ ਹੋਈ ਹੈ, ਜਿੱਥੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਉਥੇ ਦੇਖਿਆ ਕਿ ਘੱਟੋ-ਘੱਟ 20 ਵਿਅਕਤੀ ਇਕ ਦੂਜੇ ਨਾਲ ਲੜ ਰਹੇ ਸਨ ਤੇ ਉਹ ਬੁਰੀ ਤਰ੍ਹਾਂ ਖੂਨੋ-ਖੂਨ ਹੋਏ ਪਏ ਸਨ। ਪੁਲਿਸ ਨੇ ਪਹੁੰਚ ਕੇ ਲੜਾਈ ‘ਤੇ ਕਾਬੂ ਪਾਇਆ। ਪੁਲਿਸ ਅਨੁਸਾਰ ਇਸ ਲੜਾਈ ਵਿਚ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰ ਨਹੀਂ ਹੋਈ। ਪਰ ਲੜਾਈ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਿਭਾਗ ਨੇ ਦੱਸਿਆ ਕਿ ਇਸ ਗੁਰੂ ਘਰ ਵਿਚ ਪਹਿਲਾਂ ਵੀ ਵੱਖ-ਵੱਖ ਕਾਰਨਾਂ ਕਰਕੇ ਲੜਾਈਆਂ ਹੁੰਦੀਆਂ ਰਹੀਆਂ ਹਨ ਅਤੇ ਪੁਲਿਸ ਨੂੰ ਹਰ ਵਾਰ ਉਥੇ ਜਾਣਾ ਪੈਂਦਾ ਹੈ।


Share