ਸਾਹਿਤਕਾਰ ਜੋੜੀ ਡਾ. ਗੁਰਮਿੰਦਰ ਸਿੱਧੂ ਤੇ ਡਾ. ਬਲਦੇਵ ਸਿੰਘ ਖਹਿਰਾ ਨਾਲ ਰੂਬਰੂ

325
Share

ਸਰੀ, 5 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ ਜੋੜੀ ਡਾ. ਗੁਰਮਿੰਦਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸ਼ਾਇਰ ਮੋਹਨ ਗਿੱਲ ਨੇ ਡਾ. ਬਲਦੇਵ ਸਿੰਘ ਖਹਿਰਾ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਡਾ. ਬਲਦੇਵ ਸਿੰਘ ਖਹਿਰਾ ਬਹੁਤ ਘੱਟ ਬੋਲਦੇ ਹਨ ਅਤੇ ਉਨ੍ਹਾਂ ਵਾਂਗ ਉਨ੍ਹਾਂ ਦੀ ਮਿੰਨੀ ਕਹਾਣੀ ਵੀ ਚੁੱਪ ਚੁਪੀਤੇ ਬਹੁਤ ਕੁਝ ਕਹਿ ਜਾਂਦੀ ਹੈ।
ਡਾ. ਬਲਦੇਵ ਸਿੰਘ ਖਹਿਰਾ ਨੇ ਆਪਣੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਆਪਣੇ ਲਿਖਣ ਕਾਰਜ ਬਾਰੇ ਦੱਸਿਆ ਕਿ ਉਨ੍ਹਾਂ ਦੀ ਹਮਸਫ਼ਰ ਡਾ. ਗੁਰਮਿੰਦਰ ਸਿੱਧੂ ਦੁਆਰਾ ਸਿਰਜਿਆ ਸਾਹਿਤਕ ਮਾਹੌਲ ਹੀ ਉਨ੍ਹਾਂ ਦੇ ਸਾਹਿਤ ਵੱਲ ਪ੍ਰੇਰਿਤ ਹੋਣ ਅਤੇ ਕੁਝ ਲਿਖਣ ਦਾ ਸਬੱਬ ਬਣਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹੁਣ ਤਕ ਮਿੰਨੀ ਕਹਾਣੀ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬੀ ਪਾਠਕਾਂ ਵੱਲੋਂ ਉਨ੍ਹਾਂ ਦੀਆਂ ਕਹਾਣੀਆਂ ਨੂੰ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਇਸ ਮੌਕੇ ਆਪਣੀ ਸਭ ਤੋਂ ਪ੍ਰਸਿੱਧ ਕਹਾਣੀ “ਦੋ ਨੰਬਰ ਦਾ ਬੂਟ”, “ਥੋਹਰਾਂ ਦੇ ਸਿਰਨਾਵੇਂ”, “ਲਹੂ ਚਿੱਟਾ ਹੋਇਆ” ਅਤੇ ਕੋਰੋਨਾ ਤੇ ਕਿਸਾਨ ਅੰਦੋਲਨ ਨਾਲ ਸੰਬਧਿਤ ਕੁਝ ਮਿੰਨੀ ਕਹਾਣੀਆਂ ਸੁਣਾਈਆਂ।
ਉਪਰੰਤ ਡਾ. ਗੁਰਮਿੰਦਰ ਸਿੱਧੂ ਨੂੰ ਰੂਬਰੂ ਕਰਵਾਉਂਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਡਾ. ਨੇ ਕਵਿਤਾ ਅਤੇ ਵਾਰਤਕ ਦੇ ਖੇਤਰ ਵਿਚ ਬਹੁਤ ਸਾਰੀਆਂ ਮਹੱਤਵਪੂਰਨ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ ਅਤੇ ਆਉਂਦੇ ਦਿਨਾਂ ਵਿਚ ਉਹ ਇਕ ਉੱਚਪਾਏ ਦੀ ਰਚਨਾ ਨਾਲ ਪੰਜਾਬੀ ਨਾਵਲ ਖੇਤਰ ਵਿਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਪੁਸਤਕ “ਚੌਮੁਖੀਆ ਇਬਾਰਤਾਂ” ਪੰਜਾਬੀ ਸਾਹਿਤ ਦੀ ਇੱਕ ਵਿਲੱਖਣ ਪ੍ਰਾਪਤੀ ਹੈ ਪਰ ਪੰਜਾਬੀ ਸਾਹਿਤ ਵਿੱਚ ਹਾਲੇ ਤਕ ਇਸ ਪੁਸਤਕ ਦੀ ਉਸ ਪੱਧਰ ਤੇ ਚਰਚਾ ਨਹੀਂ ਹੋ ਸਕੀ ਜਿਸ ਦੀ ਕਿ ਇਹ ਪੁਸਤਕ ਹੱਕਦਾਰ ਹੈ।
ਡਾ. ਗੁਰਮਿੰਦਰ ਸਿੱਧੂ ਨੇ ਆਪਣੇ ਜੀਵਨ ਬਾਰੇ ਸੰਖੇਪ ਚਾਨਣਾ ਪਾਇਆ ਅਤੇ ਵਿਸ਼ੇਸ਼ ਤੌਰ ਤੇ ਆਪਣੇ ਵਿਆਹ ਬਾਰੇ ਬਹੁਤ ਹੀ ਰੌਚਿਕ ਕਿੱਸਾ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੀਜੀ ਚੌਥੀ ਜਮਾਤ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਉਸ ਕਵਿਤਾ ਦੀਆਂ ਕੁਝ ਪੰਕਤੀਆਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਹੁਣ ਤੱਕ ਆਪਣੇ ਕਾਵਿ ਖੇਤਰ ਤੇ ਵਾਰਤਕ ਖੇਤਰ ਵਿਚ ਰਚਿਤ ਸਾਹਿਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਰਚਨਾਤਮਕ ਕਾਰਜ ਵਿਚ ਉਨ੍ਹਾਂ ਦੇ ਪਤੀ ਡਾ. ਬਲਦੇਵ ਸਿੰਘ ਖਹਿਰਾ ਨੇ ਉਨ੍ਹਾਂ ਦਾ ਵਿਸ਼ੇਸ਼ ਸਾਥ ਦਿੱਤਾ ਹੈ। ਉਨ੍ਹਾਂ ਆਪਣੀ ਪੁਸਤਕ “ਚੌਮੁਖੀਆ ਇਬਾਰਤਾਂ” ਵਿੱਚੋਂ ਬਹੁਤ ਹੀ ਦਿਲਚਸਪ ਕੁਝ ਵੰਨਗੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਗੁਰਦੀਪ ਆਰਟਸ ਅਕੈਡਮੀ ਦੇ ਸੰਚਾਲਕ ਗੁਰਦੀਪ ਭੁੱਲਰ, ਹਰਦਮ ਸਿੰਘ ਮਾਨ, ਬਹੁਪੱਖੀ ਕਲਾਕਾਰ ਬਿੱਲਾ ਤੱਖੜ ਅਤੇ ਸ਼ਾਇਰਾ ਦਵਿੰਦਰ ਕੌਰ ਜੌਹਲ ਨੇ ਆਪਣੇ ਸਵਾਲਾਂ ਰਾਹੀਂ ਦੋਹਾਂ ਸਾਹਿਤਕਾਰਾਂ ਦੇ ਰਚਨਾਤਮਕ ਸਫ਼ਰ ਬਾਰੇ ਵਿਸ਼ੇਸ਼ ਦਿਲਚਸਪੀ ਦਿਖਾਈ।
ਅੰਤ ਵਿਚ ਜਰਨੈਲ ਆਰਟ ਗੈਲਰੀ ਦੇ ਰੂਹੇ-ਰਵਾਂ ਅਤੇ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਮਹਿਮਾਨ ਸਾਹਿਤਕਾਰ ਜੋੜੀ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।


Share