ਸਾਰਾਗੜ੍ਹੀ ਜੰਗ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਨਿਸ਼ਾਨੀਆਂ ਦੇਣ ਦੀ ਮੰਗ

699

ਸਰੀ, 10 ਸਤੰਬਰ (ਪੰਜਾਬ ਮੇਲ)-12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਜੰਗ ਵਿਚ ਸ਼ਹੀਦ ਹੋਏ ਬ੍ਰਿਟਿਸ਼ ਭਾਰਤੀ ਫ਼ੌਜ 36 ਸਿੱਖ ਰੈਜੀਮੈਂਟ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਗਿੱਲ ਦੇ ਕੈਨੇਡਾ ਰਹਿ ਰਹੇ ਪੜਪੋਤਰੇ ਉੱਘੇ ਪੱਤਰਕਾਰ ਰਸ਼ਪਾਲ ਸਿੰਘ ਗਿੱਲ ਤੇ ਧਰਮ ਸਿੰਘ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰਾਗੜ੍ਹੀ ਦੀ ਜੰਗ ਵਿਚ ਬਾਬਾ ਈਸ਼ਰ ਸਿੰਘ ਦੀ ਸ਼ਹੀਦੀ ਉਪਰੰਤ ਬ੍ਰਿਟਿਸ਼ ਸਰਕਾਰ ਵੱਲੋਂ ਐਲਾਨ ਕੀਤੇ ਗਏ ਸਨਮਾਨ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਜਾਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖ ਸਕਣ। ਉਨ੍ਹਾਂ ਦੱਸਿਆ ਕਿ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਲੰਡਨ ਦੀ ਪਾਰਲੀਮੈਂਟ ਵਿਚ ਐਲਾਨ ਕੀਤਾ ਸੀ ਕਿ ਸਾਰਾਗੜ੍ਹੀ ਦੇ ਜੰਗ ਵਿਚ ਸ਼ਹੀਦ ਹੋਣ ਵਾਲੇ 21 ਫ਼ੌਜ ਦੇ ਜਵਾਨਾਂ ਤੇ ਇਕ ਸੇਵਾਦਾਰ ਨੂੰ ਆਰਡਰ ਆਫ਼ ਮੈਰਿਟ ਦਾ ਮੈਡਲ (ਸਮਾਨਅੰਤਰ ਵਿਕਟੋਰੀਆ ਕਰਾਸ) 2 ਮੁਰੱਬੇ ਜ਼ਮੀਨ ਤੇ 500 ਰੁਪਏ ਹਰ ਸ਼ਹੀਦ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ 123 ਸਾਲ ਬੀਤ ਜਾਣ ਦੇ ਬਾਅਦ ਪਰਿਵਾਰ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਵਾਂਝਾ ਹੈ।