ਸਾਬਕਾ ਸਿਹਤ ਮੰਤਰੀ ਸਿੰਗਲਾ ਦੀ ਨਹੀਂ ਮਿਲੀ ਜ਼ਮਾਨਤ

16
Share

-ਹਾਈਕੋਰਟ ਵੱਲੋਂ ਅਰਜ਼ੀ ’ਤੇ ਅਗਲੀ ਸੁਣਵਾਈ 4 ਜੁਲਾਈ ਨੂੰ
ਐੱਸ.ਏ.ਐੱਸ. ਨਗਰ (ਮੁਹਾਲੀ), 22 ਜੂਨ (ਪੰਜਾਬ ਮੇਲ)- ਭਿ੍ਰਸ਼ਟਾਚਾਰ ਦੇ ਕਥਿਤ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚੋਂ ਵੀ ਜ਼ਮਾਨਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਸਿੰਗਲਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 4 ਜੁਲਾਈ ਤੱਕ ਟਾਲ ਦਿੱਤੀ ਹੈ। ਇਸ ਤੋਂ ਪਹਿਲਾਂ ਬੀਤੀ 10 ਜੂਨ ਨੂੰ ਮੁਹਾਲੀ ਅਦਾਲਤ ਨੇ ਸਿੰਗਲਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜਨੀਅਰ (ਐੱਸ.ਈ.) ਰਾਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਿੰਗਲਾ ਅਤੇ ਉਸ ਦੇ ਓ.ਐੱਸ.ਡੀ. ਭਾਣਜੇ ਪਰਦੀਪ ਕੁਮਾਰ ਖ਼ਿਲਾਫ਼ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਦੋਵੇਂ ਇਸ ਸਮੇਂ ਨਿਆਂਇਕ ਹਿਰਾਸਤ ਹੇਠ ਰੂਪਨਗਰ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਨੂੰ ਜੁਡੀਸ਼ਲ ਰਿਮਾਂਡ ਖ਼ਤਮ ਹੋਣ ’ਤੇ 24 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਸਿਹਤ ਮੰਤਰੀ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਕੇ ਰੈਗੂਲਰ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਉੱਚ ਅਦਾਲਤ ਦਾ ਕਹਿਣਾ ਸੀ ਕਿ ਇਹ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਦਾ ਪੱਖ ਜਾਣਨਾ ਵੀ ਜ਼ਰੂਰੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਵੀ ਇਸ ਮਾਮਲੇ ਵਿਚ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪੀ ਹੈ।

Share