ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ

287
Share

ਨਵੀਂ ਦਿੱਲੀ, 31 ਅਗਸਤ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦਾ ਅੱਜ ਇਥੇ ਦਿੱਲੀ ਛਾਉਣੀ ਦੇ ਫੌਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸ੍ਰੀ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਇਕ ਟਵੀਟ ’ਚ ਇਸ ਦੀ ਪੁਸ਼ਟੀ ਕੀਤੀ ਹੈ। ਸ੍ਰੀ ਮੁਖਰਜੀ ਇਥੇ ਫੌਜ ਦੇ ਰਿਸਰਚ ਤੇ ਰੈਫਰਲ ਹਸਪਤਾਲ ਵਿੱਚ 10 ਅਗਸਤ ਤੋਂ ਦਾਖ਼ਲ ਸਨ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਖਰਜੀ ਦੇ ਅਕਾਲ ਚਲਾਣੇ ’ਤੇ ਦੁਖ਼ ਜ਼ਾਹਿਰ ਕੀਤਾ ਹੈ। ਸ੍ਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਵੱਲੋਂ ਮਿਲੀਆਂ ਸੇਧਾਂ ਨੂੰ ਯਾਦ ਕੀਤਾ। ਮੁਖਰਜੀ ਨੂੰ ਦਿਮਾਗ ਵਿੱਚ ਖੂਨ ਦੇ ਥੱਕੇ ਦੇ ਆਪਰੇਸ਼ਨ ਲਈ ਲਿਆਂਦਾ ਗਿਆ ਸੀ, ਪਰ ਅਪਰੇਸ਼ਨ ਦੌਰਾਨ ਟੈਸਟਾਂ ਮੌਕੇ ਉਹ ਕਰੋਨਾਵਾਇਰਸ ਲਈ ਪਾਜ਼ੇਟਿਵ ਨਿਕਲ ਆਏ। ਆਪਰੇਸ਼ਨ ਮਗਰੋਂ ਉਹ ਲਗਾਤਾਰ ਕੋਮਾ ਵਿੱਚ ਸਨ। ਇਸ ਦੌਰਾਨ ਗੁਰਦਿਆਂ ਦੀ ਲਾਗ ਵਧਣ ਕਰਕੇ ਉਨ੍ਹਾਂ ਨੂੰ ਸੈਪਟਿਕ ਸ਼ਾਕ ਲੱਗਾ। ਇਹ ਇਕ ਅਜਿਹੀ ਗੰਭੀਰ ਮੈਡੀਕਲ ਸਥਿਤੀ ਹੈ, ਜਿਸ ਵਿੱਚ ਖੂਨ ਦਾ ਦਬਾਅ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸਰੀਰ ਦੇ ਅੰਗਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਪ੍ਰਣਬ ਮੁਖਰਜੀ ਪੰਜ ਦਹਾਕਿਆਂ ਤਕ ਕੇਂਦਰ ਦੀ ਸਿਆਸਤ ਵਿੱਚ ਸਰਗਰਮ ਰਹਿਣ ਮਗਰੋਂ 2012 ਤੋਂ 2017 ਦੇ ਅਰਸੇ ਦੌਰਾਨ ਦੇਸ਼ ਦੇ ਰਾਸ਼ਟਰਪਤੀ ਰਹੇ। ਇਸ ਤੋਂ ਪਹਿਲਾਂ ਉਹ ਯੂਪੀੲੇ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ, ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਅਹੁਦੇ ’ਤੇ ਵੀ ਰਹੇ। ਪ੍ਰਣਬ ਮੁਖਰਜੀ ਨੂੰ ਸਾਲ 2008 ਵਿੱਚ ਪਦਮ ਵਿਭੂਸ਼ਣ ਤੇ ਸਾਲ 2019 ਵਿੱਚ ਦੇਸ਼ ਦੇ ਸਰਵੋਤਮ ਐਜਾਜ਼ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ ਸੀ।


Share