ਸਾਬਕਾ ਰਾਸ਼ਟਰਪਤੀ ਟਰੰਪ ਨੂੰ ਨਾ ਹੋਣ ਦਿਓ ਬਰੀ : ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਅਪੀਲ

250
Share

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਚੱਲ ਰਹੀ ਹੈ। ਮਹਾਦੋਸ਼ ਲਿਆਉਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਆਪਣੀਆਂ ਦਲੀਲਾਂ ਪੂਰੀਆਂ ਕਰਨ ਦੇ ਨਾਲ ਹੀ ਰਿਪਬਲਿਕਨ ਸੈਨੇਟਰ ਨੂੰ ਇਹ ਅਪੀਲ ਕੀਤੀ ਕਿ ਉਹ ਟਰੰਪ ਨੂੰ ਬਰੀ ਨਾ ਹੋਣ ਦੇਣ। ਜੇ ਉਹ ਬਰੀ ਹੋ ਜਾਂਦੇ ਹਨ ਤੇ ਦੁਬਾਰਾ ਹਿੰਸਾ ਭੜਕਾ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਨੇ ਕੈਪੀਟਲ ਭਾਵ ਸੰਸਦ ਕੰਪਲੈਕਸ ‘ਤੇ ਹਮਲੇ ਲਈ ਆਪਣੇ ਸਮਰਥਕਾਂ ਨੂੰ ਉਕਸਾਇਆ ਸੀ। ਸੰਸਦ ਕੰਪਲੈਕਸ ‘ਤੇ ਬੀਤੀ ਜਨਵਰੀ ਨੂੰ ਹਮਲਾ ਕੀਤਾ ਗਿਆ ਸੀ।

ਜੇਮੀ ਰਸਕਿਨ ਦੀ ਅਗਵਾਈ ‘ਚ ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਸਦਨ ‘ਚ ਆਪਣੀਆਂ ਦਲੀਲਾਂ ਰੱਖੀਆਂ ਤੇ ਸਬੂਤ ਦੇ ਤੌਰ ‘ਤੇ ਖੁਫ਼ੀਆ ਕੈਮਰੇ ਦੀ ਫੁਜੇਟ ਦਿਖਾਈ। ਰਸਕਿਨ ਨੇ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜੇ ਤੁਹਾਨੂੰ ਇਸ ‘ਚ ਕੋਈ ਵੱਡਾ ਅਪਰਾਧ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਅਮਰੀਕਾ ‘ਚ ਰਾਸ਼ਟਰਪਤੀ ਦੇ ਗਲਤ ਕੰਮ ਲਈ ਇਕ ਭਿਆਨਕ ਮਾਪਦੰਡ ਤੈਅ ਕਰੋਗੇ।

ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਅਪਰਾਧ ਲਈ ਟਰੰਪ ਨੂੰ ਦੋਸ਼ੀ ਠਹਿਰਾਓ। ਇਸ ਸਦਨ ‘ਚ ਬੁੱਧਵਾਰ ਨੂੰ ਸੁਣਵਾਈ ਸ਼ੁਰੂ ਹੋਈ। ਪਹਿਲਾਂ ਡੈਮੋਕ੍ਰੇਟਸ ਸੰਸਦ ਮੈਂਬਰਾਂ ਨੂੰ ਆਪਣਾ ਪੱਖ ਰੱਖਣ ਲਈ 16 ਘੰਟੇ ਮਿਲੇ। ਏਨਾ ਸਮਾਂ ਹੀ ਟਰੰਪ ਦੇ ਵਕੀਲਾਂ ਨੂੰ ਵੀ ਦੋਸ਼ਾਂ ਦਾ ਜਵਾਬ ਦੇਣ ਲਈ ਮਿਲਿਆ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਮਹਾਦੋਸ਼ ਤੋਂ ਬਰੀ ਹੋ ਜਾਣਗੇ ਕਿਉਂਕਿ ਮਹਾਦੋਸ਼ ਮਤੇ ਨੂੰ ਦੋ ਤਿਹਾਈ ਵੋਟਾਂ ਨਾਲ ਪਾਸ ਕਰਵਾਉਣਾ ਪਵੇਗਾ। 100 ਮੈਂਬਰੀ ਸੈਨੇਟ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਪਾਰਟੀ ਦੇ 50-50 ਮੈਂਬਰ ਹਨ।


Share