
* ਜਨਵਰੀ ‘ਚ ਸੁਣਾਈ ਜਾਵੇਗੀ ਸਜ਼ਾ, ਲੱਗ ਸਕਦਾ ਹੈ ਭਾਰੀ ਜੁਰਮਾਨਾ
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸ਼ਕਿਲਾਂ ਉਸ ਵੇਲੇ ਹੋਰ ਵਧ ਗਈਆਂ, ਜਦੋਂ ਮੈਨਹਟਨ ਦੀ ਇਕ ਜਿਊਰੀ ਨੇ ਉਨ੍ਹਾਂ ਦੀਆਂ 2 ਕੰਪਨੀਆਂ ਨੂੰ ਕ੍ਰਿਮੀਨਲ ਟੈਕਸ ਫਰਾਡ ਸਕੀਮ ਵਿਚ ਉਨ੍ਹਾਂ ਵਿਰੁੱਧ ਲਾਏ ਗਏ ਸਾਰੇ ਦੋਸ਼ਾਂ ਵਿਚ ਦੋਸ਼ੀ ਕਰਾਰ ਦੇ ਦਿੱਤਾ। ਜਿਊਰੀ ਦੇ ਇਸ ਫੈਸਲੇ ਕਾਰਨ 2024 ‘ਚ ਤੀਸਰੀ ਵਾਰ ਉਨ੍ਹਾਂ ਦੇ ਰਾਸ਼ਟਰਪਤੀ ਦੀ ਚੋਣ ਲੜਨ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਰੰਪ ਕਾਰਪੋਰੇਸ਼ਨ ਨੂੰ 9 ਦੋਸ਼ਾਂ ‘ਤੇ ਟਰੰਪ ਪੇਰੋਲ ਕਾਰਪੋਰੇਸ਼ਨ ਨੂੰ ਸਾਰੇ 8 ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਜੁਰਮਾਂ ਲਈ ਕੰਪਨੀਆਂ ਨੂੰ 16 ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਟਰਾਇਲ ਜੱਜ ਮੈਨਹਟਨ ਸੁਪਰੀਮ ਕੋਰਟ ਜਸਟਿਸ ਜੁਆਨ ਮਰਕਨ ਨੇ ਫੈਸਲੇ ਉਪਰੰਤ ਕਿਹਾ ਕਿ ਕੰਪਨੀਆਂ ਨੂੰ ਸਜ਼ਾ ਅਗਲੇ ਸਾਲ 13 ਜਨਵਰੀ ਨੂੰ ਸੁਣਾਈ ਜਾਵੇਗੀ। ਮੈਨਹਟਨ ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਜਿਨ੍ਹਾਂ ਦੇ ਦਫਤਰ ਨੇ ਦੋਸ਼ ਲਾਏ ਸਨ, ਨੇ ਕਿਹਾ ਹੈ ਕਿ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਮੈਨਹਟਨ ਵਿਚ ਨਿਆਂ ਦੇ ਮਾਪਦੰਡ ਸਾਰਿਆਂ ਲਈ ਇਕੋ ਜਿਹੇ ਹਨ। ਬਚਾਅ ਪੱਖ ਦੇ ਅਟਾਰਨੀ ਐਲਨ ਫਿਊਟਰਫਸ ਨੇ ਕਿਹਾ ਹੈ ਕਿ ਯਕੀਨਨ ਫੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਟਰੰਪ ਵਿਰੁੱਧ ਦੋਸ਼ ਨਹੀਂ ਲਾਏ ਗਏ ਸਨ ਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋਏ। ਬਚਾਅ ਪੱਖ ਦੇ ਵਕੀਲ ਸੂਚਨ ਨੈਕਲਸ ਨੇ ਕਿਹਾ ਹੈ ਕਿ ਸਬੂਤਾਂ ਤੋਂ ਸਾਬਤ ਹੁੰਦਾ ਹੈ ਕਿ ਟਰੰਪ ਮਾਮਲੇ ਵਿਚ ਸ਼ਾਮਿਲ ਨਹੀਂ ਹੈ। 8 ਔਰਤਾਂ ਤੇ 4 ਮਰਦਾਂ ‘ਤੇ ਆਧਾਰਿਤ ਜਿਊਰੀ ਨੇ ਦੋ ਦਿਨ ਚੱਲੀ ਲੰਬੀ ਬਹਿਸ ਉਪਰੰਤ ਆਪਣਾ ਫੈਸਲਾ ਅਦਾਲਤ ਨੂੰ ਭੇਜ ਦਿੱਤਾ ਸੀ।