ਸਾਬਕਾ ਮੰਤਰੀ ਓ.ਪੀ. ਸੋਨੀ ਨੂੰ ਲਾਰੈਂਸ ਦੇ ਨਾਂ ’ਤੇ ਧਮਕੀ ਦੇ ਕੇ ਮੰਗੀ 10 ਲੱਖ ਦੀ ਫਿਰੌਤੀ

14
Share

* ਮੁਲਜ਼ਮ ਨੇ ਵਟ੍ਹਸਐਪ ਰਾਹੀਂ ਕੀਤਾ ਫੋਨ; ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ
ਅੰਮਿ੍ਰਤਸਰ, 23 ਜੂਨ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਕਥਿਤ ਮੈਂਬਰ ਨੇ ਧਮਕੀ ਦੇ ਕੇ ਦਸ ਲੱਖ ਦੀ ਫਿਰੌਤੀ ਮੰਗੀ ਹੈ। ਇਸ ਤੋਂ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਓ.ਪੀ. ਸੋਨੀ ਨੂੰ ਫਿਰੌਤੀ ਸਬੰਧੀ ਧਮਕੀ ਵਾਲਾ ਫੋਨ ਉਨ੍ਹਾਂ ਦੇ ਨਿੱਜੀ ਨੰਬਰ ’ਤੇ ਵ੍ਹਟਸਐਪ ਰਾਹੀਂ ਆਇਆ ਹੈ। ਉਨ੍ਹਾਂ ਨੂੰ ਫਿਰੌਤੀ ਲਈ ਧਮਕੀ ਭਰੇ ਫੋਨ ਵੱਖ-ਵੱਖ ਨੰਬਰਾਂ ਤੋਂ ਪਿਛਲੇ ਦੋ-ਤਿੰਨ ਦਿਨਾਂ ਤੋਂ ਆ ਰਹੇ ਸਨ। ਬੀਤੇ ਦਿਨ ਉਨ੍ਹਾਂ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਸ ਸਬੰਧੀ ਥਾਣਾ ਕੰਟੋਨਮੈਂਟ ਵਿਚ ਧਾਰਾ 387, 506 ਤਹਿਤ ਕੇਸ ਦਰਜ ਕੀਤਾ ਹੈ।
ਸਾਬਕਾ ਉਪ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਵਿਕਾਸ ਸੋਨੀ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲਾ ਵਿਅਕਤੀ ਆਪਣੇ-ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਰਿਹਾ ਸੀ ਅਤੇ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਤਿੰਨ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਵ੍ਹਟਸਐਪ ਕਾਲ ਕਰ ਰਿਹਾ ਸੀ ਅਤੇ ਅਜਿਹੀਆਂ ਕਾਲਾਂ ਪਿਛਲੇ 2-3 ਦਿਨਾਂ ਤੋਂ ਆ ਰਹੀਆਂ ਸਨ। ਹੁਣ ਮੁਲਜ਼ਮ ਨੇ ਕਾਲ ਰਿਸੀਵ ਕਰਨੀ ਬੰਦ ਕਰ ਦਿੱਤੀ ਹੈ। ਮੁਲਜ਼ਮ ਨੇ ਫਿਰੌਤੀ ਦੀ ਰਕਮ ਦੇਣ ਵਾਸਤੇ ਕੁਝ ਘੰਟਿਆਂ ਦਾ ਸਮਾਂ ਦਿੱਤਾ ਸੀ ਅਤੇ ਆਖਿਆ ਸੀ ਕਿ ਇਹ ਰਕਮ ਉਸ ਵੱਲੋਂ ਦੱਸੇ ਜਾਣ ਵਾਲੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਜਾਵੇ।
ਡੀ.ਸੀ.ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਕੋਈ ਅਣਪਛਾਤਾ ਵਿਅਕਤੀ ਹੈ, ਜੋ ਆਪਣੇ-ਆਪ ਨੂੰ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸ ਰਿਹਾ ਹੈ ਅਤੇ ਆਖਦਾ ਹੈ ਕਿ ਉਸ ਨੇ ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਆਦੇਸ਼ ’ਤੇ ਇਹ ਫਿਰੌਤੀ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਵੱਲੋਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਪਿਛਲੇ ਇਕ ਹਫ਼ਤੇ ਦੌਰਾਨ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 18 ਜੂਨ ਨੂੰ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਦਿਆਂ ਇਕ ਵਿਅਕਤੀ ਨੇ ਵ੍ਹਟਸਐਪ ਕਾਲ ਰਾਹੀਂ ਉਸ ਕੋਲੋਂ ਢਾਈ ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਧਮਕੀ ਦਿੱਤੀ ਹੈ।
ਫਾਜ਼ਿਲਕਾ ਦੇ ਦੋ ਦੁਕਾਨਦਾਰਾਂ ਤੋਂ ਫਿਰੌਤੀ ਮੰਗੀ
ਫਾਜ਼ਿਲਕਾ ਦੇ ਦੋ ਛੋਟੇ ਦੁਕਾਨਦਾਰਾਂ ਨੂੰ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਹੈ। ਇਸ ਸਬੰਧੀ ਦੋਵੇਂ ਦੁਕਾਨਦਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਸਿਟੀ ਪੁਲਿਸ ਦੇ ਐੱਸ.ਐੱਚ.ਓ. ਸਚਿਨ ਕੰਬੋਜ ਨੇ ਦੱਸਿਆ ਕਿ ਜਤਿਨ ਕੁਮਾਰ ਵਾਸੀ ਜੱਟੀਆਂ ਮੁਹੱਲਾ ਫਾਜ਼ਿਲਕਾ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਸਾਹਿਲ ਕੰਬੋਜ ਉਰਫ਼ ਰੌਕੀ ਵਾਸੀ ਰਾਧਾਸਵਾਮੀ ਕਲੋਨੀ ਦੀ ਲੈਮੀਨੇਸ਼ਨ ਨੰਬਰ ਪਲੇਟਾਂ ਦੀ ਦੁਕਾਨ ਹੈ। ਦੋਵੇਂ ਦੁਕਾਨਦਾਰਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਫੋਨ ਨੰਬਰਾਂ ’ਤੇ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆ ਰਹੇ ਹਨ ਤੇ ਕਾਲਾਂ ਕਰਨ ਵਾਲੇ ਖ਼ੁਦ ਨੂੰ ਬਿਸ਼ਨੋਈ ਗੈਂਗ ਦੇ ਮੈਂਬਰ ਦੱਸ ਰਹੇ ਹਨ। ਫੋਨ ’ਤੇ ਦੁਕਾਨਦਾਰਾਂ ਤੋਂ ਦੋ-ਦੋ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਤੇ ਰਕਮ ਨਾ ਦੇਣ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਐੱਸਐੱਚਓ ਨੇ ਦੱਸਿਆ ਕਿ ਫੋਨ ਨੰਬਰਾਂ ਦੀ ਜਾਂਚ ਚੱਲ ਰਹੀ ਹੈ ਤੇ ਦੋਵੇਂ ਦੁਕਾਨਦਾਰਾਂ ਦੀ ਸੁਰੱਖਿਆ ਵਾਸਤੇ ਪੀ.ਸੀ.ਆਰ. ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।

Share