ਸਾਬਕਾ ਡੀ.ਐੱਸ.ਪੀ. ਸੇਖੋਂ ਨੇ ਮੰਤਰੀ ਆਸ਼ੂ ‘ਤੇ ਲਾਏ ਗੰਭੀਰ ਦੋਸ਼

856

ਕਿਹਾ; ਅਨੇਕਾਂ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਰਿਹਾ ਹੈ ਆਸ਼ੂ
ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਮੁਅੱਤਲ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਅੱਤਵਾਦੀਆਂ ਨੂੰ ਪਨਾਹ ਦੇਣ, ਉਨ੍ਹਾਂ ਦੀਆਂ ਗ਼ੈਰ-ਸਮਾਜਿਕ ਸਰਗਰਮੀਆਂ ਵਿਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸੇਖੋਂ ਨੇ ਕਿਹਾ ਕਿ ਮੰਤਰੀ ਆਸ਼ੂ ਆਪਣੇ ਵੱਖ-ਵੱਖ ਬਿਆਨਾਂ ‘ਚ ਇਹ ਕਬੂਲ ਕਰ ਚੁੱਕੇ ਹਨ ਕਿ ਉਨ੍ਹਾਂ ਫਰਵਰੀ 1992 ‘ਚ ਆਪਣੇ ਮਾਪਿਆਂ ਦੀ ਮੌਤ ਦਾ ਬਦਲਾ ਲੈਣ ਲਈ ਨਾ ਸਿਰਫ਼ ਆਪਣੇ ਤਾਏ ਦਾ ਕਤਲ ਕਰਵਾਇਆ ਸੀ, ਬਲਕਿ ਗੁੜ ਮੰਡੀ ਸਥਿਤ ਆਪਣੇ ਚਚੇਰੇ ਭਰਾ ਦੀ ਡੇਅਰੀ ‘ਚ ਬੰਬ ਵੀ ਰਖਵਾਇਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਪਿੰਡ ਅੰਜੂਗੜ੍ਹ ਥਾਣਾ ਪਾਇਲ ਵਿਖੇ ਇਕ ਮਹਿਲਾ ਹੋਮਗਾਰਡ ਸਮੇਤ ਪੁਲਿਸ ਨੂੰ ਸੂਚਨਾ ਦੇਣ ਵਾਲੀਆਂ ਤਿੰਨ ਔਰਤਾਂ ਦੇ ਕਤਲ ‘ਚ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਕਿਚਲੂ ਨਗਰ ਵਿਖੇ ਹੋਏ ਸ਼ਿਆਮ ਸੁੰਦਰ ਕਤਲ ਦਾ ਦੋਸ਼ ਵੀ ਮੰਤਰੀ ਆਸ਼ੂ ਕਬੂਲ ਕਰ ਚੁੱਕੇ ਹਨ। ਉਨ੍ਹਾਂ ਇਸ ਸਮੇਂ ਕੁਝ ਅਜਿਹੇ ਦਸਤਾਵੇਜ਼ ਵੀ ਪੱਤਰਕਾਰਾਂ ਅੱਗੇ ਪੇਸ਼ ਕੀਤੇ, ਜਿਸ ‘ਚ ਆਸ਼ੂ ਨੇ ਮੰਨਿਆ ਹੈ ਕਿ ਉਹ ਆਪਣੇ ਚਚੇਰੇ ਭਰਾ ਨਰੇਂਦਰ ਕਾਲੀਆ, ਚਾਚਾ ਕ੍ਰਿਸ਼ਨ ਲਾਲ, ਗੁਆਂਢੀ ਰਮੇਸ਼ ਕੁਮਾਰ ਉਰਫ਼ ਬੌਬੀ ਨਾਲ ਮਿਲ ਕੇ ਭਿੰਡਰਾਂਵਾਲਾ ਟਾਈਗਰ ਫੋਰਸ ਨਾਲ ਸਬੰਧਿਤ ਖਾੜਕੂ ਚਰਨਜੀਤ ਉਰਫ਼ ਸਵਰਣਜੀਤ ਉਰਫ਼ ਚੰਨਾ ਅਤੇ ਉਸ ਦੇ ਭਰਾ ਜਰਨੈਲ ਸਿੰਘ, ਦਰਸ਼ਨ ਸਿੰਘ ਲਸੋਈ, ਜੱਸਾ ਮੁਲਾਪੁਰੀਆ ਉਰਫ਼ ਮਲਕੀਤ ਸਿੰਘ, ਹਿੱਸੋਵਾਲ, ਦਵਿੰਦਰ ਸਿੰਘ ਪੌਟ, ਰਜਿੰਦਰ ਸਿੰਘ ਮਾਇਆਨਗਰ ਆਦਿ ਨੂੰ ਨਾ ਸਿਰਫ਼ ਪਨਾਹ ਦਿੰਦਾ ਸੀ, ਬਲਕਿ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਉਂਦਾ ਸੀ।
ਉਨ੍ਹਾਂ ਦੱਸਿਆ ਕਿ ਆਸ਼ੂ ਨੇ ਗੁੱਡ ਮੰਡੀ ਬੰਬ ਕਾਂਡ ਦੀ ਸਾਜਿਸ਼ ਆਪਣੀ ਡੇਅਰੀ ਵਿਚ ਬੈਠ ਕੇ ਕੀਤੀ, ਜਦਕਿ ਕਿਚਲੂ ਨਗਰ ਗੋਲੀ ਕਾਂਡ ਦੀ ਸਾਜਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੈਟਰਨਰੀ ਸੈਕਸ਼ਨ ਦੇ ਹੋਸਟਲ ਨੰਬਰ 3 ਦੇ ਕਮਰਾ ਨੰਬਰ 32 ਵਿਚ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਆਸ਼ੂ ਨੂੰ ਆਪਣੇ ਤਾਇਆ ਜਗਦੀਸ਼ ਚੰਦ ਅਤੇ ਰਾਮ ਪ੍ਰਕਾਸ਼ ਵਗ਼ੈਰਾ ਖ਼ਿਲਾਫ਼ ਗ਼ੁੱਸਾ ਸੀ ਕਿ ਉਨ੍ਹਾਂ ਨੇ ਉਸ ਦੇ ਪਿਤਾ ਨਰਾਇਣ ਦਾ ਅਤੇ ਮਾਤਾ ਦਾ ਕਤਲ ਕੀਤਾ ਸੀ। ਉਨ੍ਹਾਂ ਕਿਹਾ ਕਿ ਹਰ ਬਿਆਨ ‘ਚ ਆਸ਼ੂ ਨੇ ਮੰਨਿਆ ਹੈ ਕਿ ਖਾੜਕੂ ਉਸ ਕੋਲ ਅਕਸਰ ਹੀ ਆਉਂਦੇ-ਜਾਂਦੇ ਹਨ ਅਤੇ ਸਮੇਂ-ਸਮੇਂ ਸਿਰ ਉਹ ਦੇਸ਼ ਵਿਰੋਧੀ ਹਰਕਤਾਂ ਲਈ ਉਨ੍ਹਾਂ ਦਾ ਸਾਥ ਦਿੰਦੇ ਰਹੇ ਹਨ। ਸ਼੍ਰੀ ਸੇਖੋਂ ਨੇ ਕਿਹਾ ਕਿ 6 ਮਈ 1992 ਨੂੰ ਉਸ ਸਮੇਂ ਦੇ ਐੱਸ.ਪੀ. ਸਿਟੀ ਐੱਸ.ਐੱਸ. ਸੰਧੂ ਵਲੋਂ ਕੀਤੀ ਪੜਤਾਲ ‘ਚ ਆਸ਼ੂ ਅਤੇ ਉਸ ਦੇ ਬਾਕੀ ਸਹਿਯੋਗੀਆਂ ਖ਼ਿਲਾਫ਼ ਦੋਸ਼ ਤੈਅ ਹੋ ਗਏ ਹਨ ਪਰ ਉਸ ਵੇਲੇ ਦੇ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਖ਼ਿਲਾਫ਼ ਅਦਾਲਤ ‘ਚ ਚਲਾਨ ਨਹੀਂ ਪੇਸ਼ ਹੋ ਸਕਿਆ ਸੀ, ਜਿਸ ਦਾ ਲਾਭ ਲੈਂਦਿਆਂ ਹੀ ਆਸ਼ੂ ਨੇ ਆਪਣੇ ਆਪ ਨੂੰ ਸਿਆਸੀ ਸਰਗਰਮੀਆਂ ‘ਚ ਸ਼ਾਮਲ ਕਰ ਲਿਆ ਅਤੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਕੇ ਹੁਣ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹੈ।
ਪੰਜਾਬ ਦੇ ਖ਼ੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਨ੍ਹਾਂ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਨਿਰਾਰਥਕ ਅਤੇ ਵਿਅੰਗਾਤਮਕ ਦੱਸਦਿਆਂ ਕਿਹਾ ਕਿ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਜਾਣਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ‘ਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਐਲਾਨ ਦਿੱਤਾ ਸੀ।