ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ

507
Share

ਚੰਡੀਗੜ੍ਹ/ਫਰੀਦਕੋਟ/ਮੁਹਾਲੀ, 19 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦੇਰ ਸ਼ਾਮ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਨੇ ਕਾਫ਼ੀ ਦਿਨ ਪਹਿਲਾਂ ਸੁਮੇਧ ਸੈਣੀ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਕਰੀਬ ਚਾਰ ਸਾਲਾਂ ਤੋਂ ਸਾਬਕਾ ਡੀਜੀਪੀ ਸੈਣੀ ਪੁਲੀਸ ਕੇਸਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫ਼ਤਾਰੀ ਤੋਂ ਬਚਦੇ ਆ ਰਹੇ ਸਨ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸੁਮੇਧ ਸੈਣੀ ਤਾਕਤਵਾਰ ਡੀਜੀਪੀ ਵਜੋਂ ਵਿਚਰੇ ਸਨ। ਸੁਮੇਧ ਸੈਣੀ ਨੂੰ ਭਲਕੇ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਅਦਾਲਤੀ ਹੁਕਮਾਂ ਮਗਰੋਂ ਅੱਜ ਦੇਰ ਸ਼ਾਮ ਕਰੀਬ ਅੱਠ ਵਜੇ ਸਾਬਕਾ ਡੀਜੀਪੀ ਸੈਣੀ ਪੁਲੀਸ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਪੁੱਜੇ। ਉਸ ਮੌਕੇ ਵਿਜੀਲੈਂਸ ਦਫ਼ਤਰ ਵਿਚ ਕੋਈ ਖਾਸ ਅਧਿਕਾਰੀ ਮੌਜੂਦ ਨਹੀਂ ਸਨ। ਵੇਰਵਿਆਂ ਅਨੁਸਾਰ ਜਿਉਂ ਹੀ ਆਪਣੇ ਵਕੀਲਾਂ ਦੀ ਟੀਮ ਨਾਲ ਸੈਣੀ ਦੇ ਵਿਜੀਲੈਂਸ ਦਫ਼ਤਰ ਪੁੱਜਣ ਦਾ ਪਤਾ ਲੱਗਾ ਤਾਂ ਵਿਜੀਲੈਂਸ ਅਫਸਰਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪਤਾ ਲੱਗਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਅਤੇ ਸਾਬਕਾ ਡੀਜੀਪੀ ਦਰਮਿਆਨ ਇਸ ਮੌਕੇ ਤਲਖਕਲਾਮੀ ਵੀ ਹੋਈ ਹੈ। ਸੈਣੀ ਤੋਂ ਪੁੱਛ-ਗਿੱਛ ਦੌਰਾਨ ਹੀ ਵਿਜੀਲੈਂਸ ਅਫਸਰਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਕੇਸ ਤੋਂ ਇਲਾਵਾ ਇੱਕ ਹੋਰ ਕੇਸ ’ਚ ਵੀ ਇਹ ਗ੍ਰਿਫਤਾਰੀ ਹੋਈ ਹੈ। ਦੱਸਦੇ ਹਨ ਕਿ ਇਹ ਕੇਸ ਭਰਤੀ ਘਪਲੇ ਨਾਲ ਜੁੜਿਆ ਹੋ ਸਕਦਾ ਹੈ, ਪਰ ਵਿਜੀਲੈਂਸ ਅਧਿਕਾਰ ਇਸ ਦਾ ਭੇਤ ਨਹੀਂ ਖੋਲ੍ਹ ਰਹੇ ਹਨ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਸੁਮੇਧ ਸੈਣੀ ਦੀ ਰਸਮੀ ਗ੍ਰਿਫਤਾਰੀ ਲਈ ਕਾਨੂੰਨੀ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਬਾਰੇ ਤਫ਼ਸੀਲ ਭਲਕੇ ਸਾਂਝੀ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਸਾਬਕਾ ਡੀਜੀਪੀ ਸੈਣੀ ਦੀ ਸੁਰੱਖਿਆ ਨੂੰ ਹਟਾ ਲਿਆ ਗਿਆ ਹੈ। ਸੁਮੇਧ ਸੈਣੀ ਕਰੀਬ ਇੱਕ ਦਰਜਨ ਕੇਸਾਂ ਦਾ ਸਾਹਮਣਾ ਕਰ ਰਹੇ ਸਨ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਰੋਤਾਂ ਤੋਂ ਵੱਧ ਆਮਦਨ ਬਣਾਏ ਜਾਣ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਸੀ। ਸੂਤਰਾਂ ਅਨੁਸਾਰ ਵਿਜੀਲੈਂਸ ਵੱਲੋਂ ਦੋਸ਼ਾਂ ਵਿਚ ਵਾਧਾ ਕੀਤੇ ਜਾਣ ਮਗਰੋਂ ਅਦਾਲਤ ’ਚੋਂ ਸੈਣੀ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਇਸ ਘਟਨਾਕ੍ਰਮ ਮਗਰੋਂ ਹੀ ਦੇਰ ਸ਼ਾਮ ਉਹ ਵਿਜੀਲੈਂਸ ਦਫਤਰ ਪੁੱਜੇ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


Share