ਸਾਬਕਾ ਐੱਮ.ਪੀ. ਰਾਜ ਗਰੇਵਾਲ ਵਿਰੁੱਧ ਧੋਖਾਧੜੀ ਦੇ ਲੱਗੇ ਦੋਸ਼

585

ਬਰੈਂਪਟਨ, 14 ਸਤੰਬਰ (ਪੰਜਾਬ ਮੇਲ)- ਸਾਬਕਾ ਲਿਬਰਲ ਐੱਮ.ਪੀ. ਰਾਜ ਗਰੇਵਾਲ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਅਤੇ ਵਿਸ਼ਵਾਸ ਭੰਗ ਕਰਨ ਦੇ ਦੋਸ਼ ਲੱਗੇ ਹਨ। ਉੱਥੇ ਹੀ ਰਾਜ ਗਰੇਵਾਲ ਦੇ ਵਕੀਲ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਉੱਧਰ ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਰਾਜ ਗਰੇਵਾਲ ਨੇ ਲੱਖਾਂ ਡਾਲਰ ਦੇ ਨਿੱਜੀ ਕਰਜ਼ੇ ਬਾਰੇ ਐਥਿਕਸ ਕਮਿਸ਼ਨ ਤੋਂ ਪਰਦਾ ਰੱਖਿਆ ਅਤੇ ਇਹ ਸਿੱਧੇ ਤੌਰ ‘ਤੇ ਬ੍ਰੀਚ ਆਫ ਟਰੱਸਟ ਦਾ ਮਾਮਲਾ ਬਣਦਾ ਹੈ। ਇਸ ਤੋਂ ਇਲਾਵਾ ਰਾਜ ਗਰੇਵਾਲ ਨੇ ਸਰਕਾਰ ਤੋਂ ਮਿਲੇ ਦਫ਼ਤਰੀ ਬਜਟ ਨੂੰ ਨਿੱਜੀ ਫ਼ਾਇਦੇ ਲਈ ਵਰਤਿਆ। ਰਾਜ ਗਰੇਵਾਲ ਵਿਰੁੱਧ ਬ੍ਰੀਚ ਆਫ ਟਰੱਸਟ ਸਣੇ ਚਾਰ ਅਤੇ ਧੋਖਾਧੜੀ ਦੇ ਦੋਸ਼ ਲਾਏ ਗਏ ਹਨ।
ਉੱਥੇ ਹੀ ਗਰੇਵਾਲ ਦੇ ਵਕੀਲ ਨਾਦਰ ਹਸਨ ਨੇ ਕਿਹਾ, ”ਰਾਜ ਗਰੇਵਾਲ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਨ ਅਤੇ ਅਦਾਲਤ ਵਿਚ ਆਪਣੀ ਸੱਚਾਈ ਸਾਬਤ ਕਰ ਦੇਣਗੇ।”