ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦੀ ‘ਆਪ’ ’ਚ ਸ਼ਮੂਲੀਅਤ

96
Share

ਅੰਮਿ੍ਰਤਸਰ, 21 ਜੂਨ (ਪੰਜਾਬ ਮੇਲ)- ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ‘ਆਪ’ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ‘ਆਪ’ ਵਿਚ ਸ਼ਾਮਲ ਹੋਣ ’ਤੇ ਸ਼੍ਰੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਵਾਗਤ ਕੀਤਾ। ਸਥਾਨਕ ਸਰਕਟ ਹਾਊਸ ਵਿਚ ਰੱਖੇ ਇਕ ਸੰਖੇਪ ਸਮਾਗਮ ਦੌਰਾਨ ‘ਆਪ’ ਵਿਚ ਸ਼ਾਮਲ ਹੋਣ ਮਗਰੋਂ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਉਹ ਪਾਰਟੀ ਰਾਹੀਂ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇਣਗੇ। ਇਸ ਸਿਆਸਤ ’ਚ ਪੰਜਾਬ ਦਾ ਹਰ ਵਾਸੀ ਸ਼ਾਮਲ ਹੋਵੇਗਾ। ਇਹ ਸਿਆਸਤ ਸਰਬੱਤ ਦੇ ਭਲੇ ਲਈ ਹੋਵੇਗੀ। ਇਸ ਮੌਕੇ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਵਿਚ ਮੁੱਖ ਮੰਤਰੀ ਲਈ ਉਮੀਦਵਾਰ ਸਿੱਖ ਸ਼ਖ਼ਸੀਅਤ ਹੀ ਹੋਵੇਗੀ। ਪੰਜਾਬ ਦੇ ਲੋਕ ਹੁਣ ਇੱਥੋਂ ਦੀ ਰਾਜਨੀਤੀ ’ਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੀ ਦਿੱਲੀ ਵਿਚ ਸਥਾਪਤ ‘ਆਪ’ ਦੀ ਸਰਕਾਰ ਵਾਂਗ ਵੱਡੀਆਂ ਸਹੂਲਤਾਂ ਚਾਹੁੰਦੇ ਹਨ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ ਆਪਣਾ ਅਫ਼ਸਰ ਭਰਾ ਆਖਿਆ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਦੇ ਲੋਕਾਂ ਦੀ ਪਾਰਟੀ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਸ਼੍ਰੀ ਕੇਜਰੀਵਾਲ ਦਾ ਹਵਾਈ ਅੱਡੇ ਦੇ ਸਾਹਮਣੇ ਅਤੇ ਸਰਕਟ ਹਾਊਸ ਦੇ ਬਾਹਰ ਵਿਰੋਧ ਵੀ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਵਾਪਸ ਜਾਓ ਦੇ ਨਾਅਰੇ ਲਗਾਏ।

Share