ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਜਲਦ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਐਪ

385
Share

ਵਾਸ਼ਿੰਗਟਨ, 21 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ਲੈ ਕੇ ਆ ਰਹੇ ਹਨ। ਬੁੱਧਵਾਰ ਨੂੰ ਹੀ ਉਨ੍ਹਾਂ ਨੇ ਆਪਣੀ ਨਵੀਂ ਕੰਪਨੀ ਬਾਰੇ ਐਲਾਨ ਕੀਤਾ ਹੈ। ਖ਼ਬਰ ਹੈ ਕਿ ਪਲੇਟਫ਼ਾਰਮ ਦੀ ਲਾਂਚਿੰਗ ਅਗਲੇ ਮਹੀਨੇ ਤੱਕ ਹੋ ਸਕਦੀ ਹੈ ਅਤੇ ਕੌਮਾਂਤਰੀ ਪੱਧਰ ’ਤੇ ਇਸ ਦੇ ਇਸਤੇਮਾਲ ਲਈ ਇਹ ਅਗਲੇ ਸਾਲ ਤੋਂ ਉਪਲਬਧ ਹੋਵੇਗਾ। ਦੱਸ ਦਈਏ ਕਿ ਟਰੰਪ ਨੇ ਫ਼ੈਸਲਾ ਫ਼ੇਸਬੁੱਕ ਅਤੇ ਟਵਿੱਟਰ ’ਤੇ ਬੈਨ ਹੋਣ ਤੋਂ ਬਾਅਦ ਲਿਆ ਹੈ।
ਦਰਅਸਲ ਡੋਨਾਲਡ ਟਰੰਪ ਇਕ ਨਵੀਂ ਮੀਡੀਆ ਕੰਪਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦਾ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਵੀ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਮੀਡੀਆ ਤੇ ਤਕਨੀਕ ਗਰੁੱਪ ਤੇ ਇਸ ਦਾ ‘ਟਰੂਥ ਸੋਸ਼ਲ’ ਐਪ ਦਾ ਮੁੱਖ ਮਕਸਦ ਵੱਡੀਆਂ ਟੈੱਕ ਕੰਪਨੀਆਂ ਦਾ ਵਿਰੋਧੀ ਖੜ੍ਹਾ ਕਰਨਾ ਹੈ, ਜਿਨ੍ਹਾਂ ਨੇ ਟਰੰਪ ’ਤੇ ਰੋਕ ਲਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਜੋਅ ਬਾਈਡਨ ’ਤੇ ਵੀ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ, ‘‘ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ, ਜਿੱਥੇ ਟਵਿੱਟਰ ’ਤੇ ਤਾਲਿਬਾਨ ਦੀ ਵੱਡੇ ਪੱਧਰ ’ਤੇ ਮੌਜੂਦਗੀ ਹੈ। ਇਸ ਤੋਂ ਬਾਅਦ ਤੁਹਾਡੇ ਮਨਪਸੰਦ ਰਾਸ਼ਟਰਪਤੀ ਚੁੱਪ ਹਨ।’’
ਟਰੰਪ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਕ ਨਵੀਂ ਕੰਪਨੀ ਦੀ ਸ਼ੁਰੂਆਤ ਡਿਜੀਟਲ ਵਰਲਡ ਐਕੁਇਜ਼ਿਸ਼ਨ ਕਾਰਪੋਰੇਸ਼ਨ ਨਾਲ ਮਿਲ ਕੇ ਕੀਤੀ ਜਾਵੇਗੀ। ਟਵਿੱਟਰ ਅਤੇ ਫ਼ੇਸਬੁੱਕ ’ਤੇ ਰੋਕ ਲੱਗਣ ਤੋਂ ਬਾਅਦ ਟਰੰਪ ਲਗਾਤਾਰ ਆਪਣੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਬਾਰੇ ਗੱਲ ਕਰ ਰਹੇ ਹਨ।
ਕਰੀਬ 9 ਮਹੀਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ‘ਤੇ ਬੈਨ ਕੀਤਾ ਗਿਆ ਸੀ। ਕੰਪਨੀਆਂ ਨੇ 6 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਕੋਲ ਕੈਪੀਟਲ ਹਿੱਲ ਹਿੰਸਾ ਮਾਮਲੇ ’ਚ ਉਨ੍ਹਾਂ ਦੀ ਭੂਮਿਕਾ ਕਾਰਨ ਇਹ ਕਦਮ ਚੁੱਕਿਆ ਸੀ। ਨਵੰਬਰ ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਦੂਜੀ ਵਾਰ ਉਮੀਦਵਾਰ ਰਹੇ ਟਰੰਪ ਨੂੰ ਡੈਮੋਕ੍ਰੇਟ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ ਕਰਾਰੀ ਮਾਤ ਦਿੱਤੀ ਸੀ।

Share