ਸਾਨ ਫਰਾਂਸਿਸਕੋ ’ਚ ਗਣਤੰਤਰ ਦਿਵਸ ਵਰਚੂਅਲ ਸਮਾਗਮ ਰਾਹੀਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

187
ਮੁੱਖ ਮਹਿਮਾਨ ਭਾਰਤ ਦੇ ਕੌਂਸਲ ਜਨਰਲ ਸਾਨ ਫਰਾਂਸਿਸਕੋ ਡਾ. ਟੀ.ਵੀ. ਨਾਗੇਂਦਰਾ ਪ੍ਰਸਾਦ ਵਰਚੂਅਲ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
Share

* ਕੌਂਸਲ ਜਨਰਲ ਨੇ ਭਾਰਤੀ ਭਾਈਚਾਰੇ ਦੀ ਕੀਤੀ ਸ਼ਲਾਘਾ
ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਸੋਸੀਏਸ਼ਨ ਆਫ ਇੰਡੋ ਅਮੈਰੀਕਨ (ਏ.ਆਈ.ਏ.) ਜੋ ਸਾਨ ਫਰਾਂਸਿਸਕੋ ਬੇਏਰੀਆ ਵਿਚ 38 ਤੋਂ ਵਧ ਗੈਰ ਮੁਨਾਫਾ ਭਾਰਤੀ ਸੰਸਥਾਵਾਂ ਦਾ ਸੰਗਠਨ ਹੈ, ਨੇ ਗਣਤੰਤਰ ਦਿਵਸ ਨੂੰ ਸਮਰਪਿਤ ‘ਆਜ਼ਾਦੀ ਕਾ ਅਮਿ੍ਰਤ ਮਹੋਤਸਵ’ ਪੂਰੇ ਉਤਸ਼ਾਹ ਨਾਲ ਮਨਾਇਆ। ਕੋਵਿਡ-19 ਮਹਾਂਮਾਰੀ ਕਾਰਨ ਸਮਾਗਮ ਵਰਚੂਅਲ ਹੋਇਆ, ਜਿਸ ਦਾ ਸਿੱਧਾ ਪ੍ਰਸਾਰਣ ਯੂ.ਟਿਊਬ ਉਪਰ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੇ ਕੌਂਸਲ ਜਨਰਲ ਸਾਨ ਫਰਾਂਸਿਸਕੋ ਡਾ. ਟੀ.ਵੀ. ਨਾਗੇਂਦਰਾ ਪ੍ਰਸਾਦ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਬੇਏਰੀਆ ’ਚ ਰਹਿੰਦੇ ਭਾਰਤੀ ਭਾਈਚਾਰੇ ਦੀ ਹੋਂਦ ਤੇ ਤਾਕਤ ਦੀ ਭਰਪੂਰ ਪ੍ਰੰਸ਼ਸਾ ਕੀਤੀ। ਉਨ੍ਹਾਂ ਨੇ ਭਾਰਤੀ ਭਾਈਚਾਰੇ ਵੱਲੋਂ ਆਪਣੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਭਾਰਤ-ਅਮਰੀਕਾ ਵਿਚਾਲੇ ਮਿੱਤਰਤਾ ਮਜ਼ਬੂਤ ਕਰਨ ਲਈ ਨਿਭਾਈ ਵੱਡੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸ ਵਰਚੂਅਲ ਸਮਾਗਮ ਨੂੰ ਸੈਨੇਟਰ ਡੇਵ ਕੋਰਟਸ, ਅਸੰਬਲੀ ਮੈਂਬਰ ਬਿੱਲ ਕੁਈਰਿਕ, ਐਸ਼ ਕਾਲਰਾ ਤੇ ਅਲੈਕਸ ਲੀ, ਅਲਾਮੇਡਾ ਕਾਊਂਟੀ ਸੁਪਰਵਾਈਜਰ ਡੇਵਿਡ ਹੌਬਰਟ, ਸਾਂਟਾ ਕਲਾਰਾ ਕਾਊਂਟੀ ਸੁਪਰਵਾਈਜਰ ਓਟੋ ਲੀ, ਓਕਲੈਂਡ ਮੇਅਰ ਲਿਬੀ ਸਕਾਫ, ਸਨੀਵੇਲ ਮੇਅਰ ਲੈਰੀ ਕਲੀਨ, ਫਰੀਮਾਂਟ ਵਾਇਸ ਮੇਅਰ ਰਾਜ ਸਲਵਾਨ, ਸੈਨ ਰਾਮੋਨ ਵਾਇਸ ਮੇਅਰ ਸ੍ਰੀਧਰ ਵਰੋਸ, ਸਾਂਟਾ ਕਲਾਰਾ ਵਾਈਸ ਮੇਅਰ ਸੁਧੰਨਸ਼ੂ ਜੈਨ ਤੇ ਸਾਂਟਾ ਕਲਾਰਾ ਕੌਂਸਲ ਮੈਂਬਰ ਕੈਵਿਨ ਪਾਰਕ ਸਮੇਤ ਅਨੇਕਾਂ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸੰਬੋਧਨ ਕੀਤਾ। ਏ.ਆਈ.ਏ. ਵਿਚ ਸ਼ਾਮਲ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿੱਧੀਆਂ ਵੱਲੋਂ ਸੰਦੇਸ਼ ਪੜ੍ਹੇ ਗਏ। ਡਾਂਸ ਸਮੇਤ ਰੰਗਾਰੰਗ ਪ੍ਰੋਗਰਾਮ ਵੀ ਹੋਇਆ।
ਸਮਾਰੋਹ ਦੇ ਮੁੱਖ ਮਹਿਮਾਨ, ਸਾਨ ਫਰਾਂਸਿਸਕੋ ਵਿਚ ਭਾਰਤ ਦੇ ਕੌਂਸਲ ਜਨਰਲ, ਡਾ. ਟੀ.ਵੀ. ਨਗੇਂਦਰ ਪ੍ਰਸਾਦ ਨੇ ਆਪਣੇ ਸੰਬੋਧਨ ’ਚ ਖਾੜੀ ਖੇਤਰ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਜੋਸ਼ ਦੀ ਸ਼ਲਾਘਾ ਕੀਤੀ।

Share