ਸਾਨੀਆ ਮਿਰਜ਼ਾ ਵੱਲੋਂ ਪੇਸ਼ੇਵਰ ਟੈਨਿਸ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ

50

ਚੰਡੀਗੜ੍ਹ, 7 ਜਨਵਰੀ (ਪੰਜਾਬ ਮੇਲ)- ਭਾਰਤ ਦੀ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਪੇਸ਼ੇਵਰ ਟੈਨਿਸ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਇਸ ਸਾਲ ਫਰਵਰੀ ‘ਚ ਸੰਨਿਆਸ ਲੈ ਲਵੇਗੀ। ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਸਾਨੀਆ ਮਿਰਜ਼ਾ ਦਾ ਆਖਰੀ ਟੂਰਨਾਮੈਂਟ ਹੋਵੇਗਾ। ਉਸ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਸ ਨੇ ਸੱਟ ਕਾਰਨ ਆਪਣਾ ਐਲਾਨ ਵਾਪਸ ਲੈ ਲਿਆ। 36 ਸਾਲਾ ਸਾਨੀਆ ਮਿਰਜ਼ਾ ਜਨਵਰੀ ਵਿਚ ਇਸ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਵਿਚ ਖੇਡੇਗੀ। ਉਹ ਆਸਟਰੇਲੀਆ ਓਪਨ ਦੇ ਡਬਲਜ਼ ਵਿਚ ਹਿੱਸਾ ਲਵੇਗੀ। ਇਸ ਤੋਂ ਬਾਅਦ ਉਹ ਦੁਬਈ ‘ਚ ਹੋਣ ਵਾਲੀ ਚੈਂਪੀਅਨਸ਼ਿਪ ਖੇਡ ਕੇ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ। ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ 19 ਫਰਵਰੀ ਤੋਂ ਸ਼ੁਰੂ ਹੋਵੇਗੀ। ਸਾਨੀਆ ਨੇ ਕੁੱਲ 6 ਗ੍ਰੈਂਡ ਸਲੈਮ ਜਿੱਤੇ ਹਨ। ਗਰੈਂਡ ਸਲੈਮ ਡਬਲਜ਼ ਵਿਚ ਉਸ ਨੇ ਆਸਟ੍ਰੇਲੀਅਨ ਓਪਨ (2016), ਵਿੰਬਲਡਨ (2015) ਅਤੇ ਯੂ.ਐੱਸ. ਓਪਨ (2015) ਜਿੱਤੇ ਹਨ। ਇਸ ਤੋਂ ਇਲਾਵਾ ਉਹ ਮਿਕਸਡ ਡਬਲਜ਼ ਵਿਚ ਤਿੰਨ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ (2009), ਫਰੈਂਚ ਓਪਨ (2012) ਅਤੇ ਯੂ.ਐੱਸ. ਓਪਨ (2014) ਦੇ ਖਿਤਾਬ ਵੀ ਜਿੱਤ ਚੁੱਕੀ ਹੈ।