ਸਾਡੀ ਠੋਸ ਮਜ਼ਬੂਤੀ ਦਾ ਆਧਾਰ ਏਕਤਾ ਹੈ : ਜੋ ਬਾਇਡਨ

426
Share

* 9/11 ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਕੀਤਾ ਯਾਦ
ਸੈਕਰਾਮੈਂਟੋ, 11 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ 9/11 ਅੱਤਵਾਦੀ ਹਮਲੇ ਦੀ 20 ਵੀਂ ਵਰੇ ਗੰਢ ਮੌਕੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਜਾਰੀ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਇਹ ਦਿਨ ਨਾ ਕੇਵਲ ਬਹਾਦਰੀ ਬਲਕਿ ਏਕਤਾ ਤੇ ਸੰਜਮ ਦਾ ਵੀ ਪ੍ਰਤੀਕ ਹੈ। ਰਾਸ਼ਟਰਪਤੀ ਨੇ ਆਪਣੇ 6 ਮਿੰਟ ਦੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ”ਸਾਨੂੰ ਇਹ ਹਮੇਸ਼ਾਂ ਚੇਤੇ ਰੱਖਣਾ ਪਵੇਗਾ ਕਿ ਏਕਤਾ ਇਕ ਅਜਿਹੀ ਚੀਜ਼ ਹੋ ਜੋ ਕਦੇ ਵੀ ਭੰਗ ਨਹੀਂ ਹੋਣੀ ਚਾਹੀਦੀ। ਸਭ ਤੋਂ ਵਧ ਲੋੜਵੰਦਾਂ ਦੀ ਮੱਦਦ ਸਾਨੂੰ ਮਨੁੱਖ ਬਣਾਉਂਦੀ ਹੈ ਤੇ ਏਕਤਾ ਹੀ ਸਾਡੀ ਮਹਾਨ ਮਜ਼ਬੂਤੀ ਦਾ ਆਧਾਰ ਹੈ।” ਰਾਸ਼ਟਰਪਤੀ ਨੇ ਪ੍ਰਤਖ ਤੌਰ ‘ਤੇ ਦੇਸ਼ ਦੀ ਰਾਜਨੀਤਿਕ ਤੌਰ ‘ਤੇ ਹੋਈ ਵੰਡ ਦਾ ਹਵਾਲਾ ਦਿੰਦਿਆਂ ਕਿਹਾ ਕਿ  ਏਕਤਾ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਸਾਰੇ ਇਕੋ ਵਿਚਾਰ ਧਾਰਾ ਦੇ ਹੋਈਏ ਪਰੰਤੂ ਸਾਨੂੰ ਇਕ ਦੂਸਰੇ ਦੇ ਵਿਸ਼ਵਾਸ਼ ਦਾ ਸਨਮਾਨ ਕਰਨਾ ਪਵੇਗਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਇਹ ਮੌਕਾ ਕੋਈ ਲੰਬੀਆਂ ਤਕਰੀਰਾਂ ਕਰਨ ਦਾ ਨਹੀਂ ਹੈ। ਇਸੇ ਲਈ ਰਾਸ਼ਟਰਪਤੀ ਨੇ ਵੀਡੀਓ ਸੰਦੇਸ਼ ਦਿੱਤਾ ਹੈ।  ਰਾਸ਼ਟਰਪਤੀ ਨਿਊਯਾਰਕ ਵੀ ਜਾਣਗੇ ਜਿਥੇ ਉਹ 9/11ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ। ਉਨਾਂ ਦੇ ਨਾਲ ਸਾਬਕਾ ਰਾਸ਼ਟਰਪਤੀ ਜਾਰਜ ਬੁੱਸ਼ ਵੀ ਜਾਣਗੇ ਜੋ 2001 ਵਿਚ ਹੋਏ ਅੱਤਵਾਦੀ ਹਮਲੇ ਸਮੇਂ ਕਮਾਂਡਰ ਇਨ ਚੀਫ ਸਨ। ਇਥੇ ਜਿਕਰਯੋਗ ਹੈ ਕਿ ਨਿਊਯਾਰਕ ਦੇ ਟਰੇਡ ਟਾਵਰਾਂ ਉਪਰ ਹੋਏ ਅੱਤਵਾਦੀ ਹਮਲੇ ਵਿਚ 3000 ਤੋਂ ਵਧ ਲੋਕ ਮਾਰੇ ਗਏ ਸਨ। ਇਸ ਹਮਲੇ ਦੀ 20 ਵੀਂ ਵਰੇ ਗੰਢ ਉਸ ਸਮੇ ਆਈ ਹੈ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿਚੋਂ 20 ਸਾਲ ਟਿਕੇ ਰਹਿਣ ਤੋਂ ਬਾਅਦ ਆਪਣੀਆਂ ਫੌਜਾਂ ਪੂਰੀ ਤਰਾਂ ਕੱਢ ਲਈਆਂ ਹਨ ਤੇ ਇਸ ਵੇਲੇ ਅਫਗਾਨਿਸਤਾਨ ਫਿਰ ਤਾਲਿਬਾਨ ਦੇ ਕਬਜ਼ੇ ਵਿਚ ਆ ਗਿਆ ਹੈ। ਪਿਛਲੇ ਮਹੀਨੇ ਫੌਜਾਂ ਕੱਢਣ ਦੇ ਆਖਰੀ ਦਿਨਾਂ ਵਿੱਚ ਅਫਗਾਨਿਸਤਾਨ ਵਿਚ ਸਥਿੱਤੀ ਬਹੁਤ ਹੀ ਅਰਾਜਕਤਾ ਵਾਲੀ ਬਣ ਗਈ ਸੀ ਤੇ ਕਾਬੁਲ ਹਵਾਈ ਅੱਡੇ ਉਪਰ ਹੋਏ ਫਿਦਾਇਨ ਹਮਲੇ ਵਿਚ 13 ਅਮਰੀਕੀ ਸੈਨਿਕਾਂ ਸਮੇਤ 170 ਦੇ ਕਰੀਬ ਲੋਕ ਮਾਰੇ ਗਏ ਸਨ।

 


Share