ਸਾਊਦੀ ਅਰਬ ਨੇ ਪਾਕਿ ਨਾਲ ਕੱਚੇ ਤੇਲ ਦੀ ਡੀਲ ਸਮੇਂ ਤੋਂ ਪਹਿਲਾਂ ਕੀਤੀ ਖਤਮ!

623
Share

– ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ 

ਇਸਲਾਮਾਬਾਦ, 9 ਅਗਸਤ (ਪੰਜਾਬ ਮੇਲ)- ਕਸ਼ਮੀਰ ਮਾਮਲੇ ਨੂੰ ਲੈ ਕੇ ਸਾਊਦੀ ਅਰਬ ਨੂੰ ਧਮਕੀ ਦੇ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਕੰਗਾਲੀ ਤੋਂ ਉਭਰਣ ਲਈ ਪਾਕਿਸਤਾਨ ਨੇ ਸਾਊਦੀ ਅਰਬ ਤੋਂ ਕੱਚਾ ਤੇਲ ਉਧਾਰ ਲੈਣ ਲਈ 3 ਸਾਲ ਦੀ ਡੀਲ ਕੀਤੀ ਸੀ, ਪਰ ਸਾਊਦੀ ਸਰਕਾਰ ਨੇ ਇਸ ਡੀਲ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਮਈ ਤੋਂ ਬਾਅਦ ਹੀ ਪਾਕਿਸਤਾਨ ਨੂੰ ਸਾਊਦੀ ਤੋਂ ਕੱਚਾ ਤੇਲ ਨਹੀਂ ਮਿਲਿਆ ਹੈ। ਉਥੇ, ਸਾਊਦੀ ਸਰਕਾਰ ਨੇ ਪਾਕਿਸਤਾਨ ਨੂੰ ਇਸ ਮਾਮਲੇ ਵਿਚ ਕੋਈ ਜਵਾਬ ਵੀ ਨਹੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਹਾਲ ਹੀ ਦੇ ਵਿਹਾਰ ਕਾਰਨ ਸਾਊਦੀ ਨੇ ਆਪਣੇ ਵਿੱਤੀ ਸਮਰਥਨ ਨੂੰ ਵਾਪਸ ਵੀ ਲੈ ਲਿਆ ਹੈ। ਅਕਤੂਬਰ 2018 ਵਿਚ ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਸਾਲ ਲਈ 6.2 ਬਿਲੀਅਨ ਡਾਲਰ ਦਾ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਇਸ ਵਿਚ 3 ਬਿਲੀਅਨ ਡਾਲਰ ਦੀ ਨਕਦ ਸਹਾਇਤਾ ਸ਼ਾਮਲ ਸੀ, ਜਦਕਿ ਬਾਕੀ ਦੇ ਪੈਸਿਆਂ ਦੇ ਏਵਜ਼ ਵਿਚ ਪਾਕਿਸਤਾਨ ਨੂੰ ਤੇਲ ਅਤੇ ਗੈਸ ਦੀ ਸਪਲਾਈ ਕੀਤੀ ਜਾਣੀ ਸੀ।
ਇਸ ਸਮਝੌਤੇ ਮੁਤਾਬਕ, ਸ਼ੁਰੂਆਤ ਵਿਚ ਸਾਊਦੀ ਨੇ ਪਾਕਿਸਤਾਨ ਨਕਦੀ ਅਤੇ ਤੇਲ ਦੀ ਸੁਵਿਧਾ ਸਿਰਫ ਇਕ ਸਾਲ ਲਈ ਦਿੱਤੀ ਸੀ, ਪਰ ਬਾਅਦ ਦੇ ਸਾਲਾਂ ਵਿਚ ਇਸ ਨੂੰ ਵਧਾ ਕੇ 3 ਸਾਲ ਲਈ ਕਰ ਦਿੱਤਾ ਗਿਆ। ਇਸ 3 ਬਿਲੀਅਨ ਡਾਲਰ ਦੀ ਨਕਦ ਸਹਾਇਤਾ ਲਈ ਪਾਕਿਸਤਾਨ 3.3 ਫੀਸਦੀ ਦੀ ਦਰ ਨਾਲ ਵਿਆਜ ਦੀ ਅਦਾਇਗੀ ਵੀ ਕਰ ਰਿਹਾ ਸੀ।
ਪਾਕਿਸਤਾਨੀ ਪੈਟਰੋਲੀਅਮ ਵਿਭਾਗ ਦੇ ਬੁਲਾਰੇ ਸਾਜਿਦ ਕਾਜ਼ੀ ਨੇ ਕਿਹਾ ਕਿ ਇਹ ਕਰਾਰ ਮਈ ਵਿਚ ਖਤਮ ਹੋ ਗਿਆ। ਵਿੱਤ ਵਿਭਾਗ ਇਸ ਦੇ ਨਵੀਕਰਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਤਾਨ ਨੂੰ ਸਾਊਦੀ ਅਰਬ ਸਰਕਾਰ ਤੋਂ ਜਵਾਬ ਦਾ ਇੰਤਜ਼ਾਰ ਹੈ। ਬਜਟ ਅਨੁਮਾਨਾਂ ਮੁਤਾਬਕ ਸਰਕਾਰ ਨੂੰ ਵਿੱਤ ਸਾਲ 2020-21 ਵਿਚ ਨਿਊਨਤਮ ਇਕ ਅਰਬ ਡਾਲਰ ਦਾ ਕੱਚਾ ਤੇਲ ਮਿਲਣ ਦੀ ਉਮੀਦ ਹੈ। ਪਾਕਿਸਤਾਨ ਦਾ ਵਿੱਤ ਸਾਲ ਜੁਲਾਈ ਤੋਂ ਸ਼ੁਰੂ ਹੁੰਦਾ ਹੈ।


Share