ਸਾਊਥਵੈਸਟ ਏਅਰਲਾਈਨ ਨੇ ਆਪਣੇ ਸਟਾਫ ਲਈ ਜ਼ਰੂਰੀ ਕੀਤੀ ਕੋਰੋਨਾ ਵੈਕਸੀਨ

394
Share

ਫਰਿਜ਼ਨੋ, 6 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਸਾਊਥਵੈਸਟ ਏਅਰਲਾਈਨਜ਼ ਨੇ ਸੋਮਵਾਰ ਨੂੰ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਨੂੰ ਲਾਗੂ ਕੀਤਾ ਹੈ। ਇਸ ਜ਼ਰੂਰਤ ਦੇ ਤਹਿਤ ਹੁਣ ਇਸ ਯੂ.ਐੱਸ. ਏਅਰਲਾਈਨ ਦੇ ਕਰਮਚਾਰੀਆਂ ਨੂੰ ਕੋਵਿਡ-19 ਦੇ ਵਿਰੁੱਧ ਟੀਕਾਕਰਨ ਦੀ ਜ਼ਰੂਰਤ ਹੋਵੇਗੀ।
ਡੈਲਾਸ ਆਧਾਰਿਤ ਇਸ ਏਅਰਲਾਈਨ ਅਨੁਸਾਰ ਇਸਦੇ ਕਰਮਚਾਰੀਆਂ ਨੂੰ 8 ਦਸੰਬਰ ਤੱਕ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਇਸ ਆਦੇਸ਼ ਦੇ ਤਹਿਤ ਕਰਮਚਾਰੀ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਕੋਰੋਨਾ ਟੀਕੇ ਤੋਂ ਛੋਟ ਦੀ ਪ੍ਰਵਾਨਗੀ ਮੰਗ ਸਕਦੇ ਹਨ। ਸਾਊਥਵੈਸਟ ਅਨੁਸਾਰ ਬਾਇਡਨ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਸਟਾਫ ਲਈ ਵੈਕਸੀਨ ਜ਼ਰੂਰਤ ਲਾਗੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮਰੀਕਨ ਏਅਰਲਾਈਨਜ਼, ਅਲਾਸਕਾ ਏਅਰਲਾਈਨਜ਼ ਤੇ ਜੈੱਟ ਬਲੂ ਨੇ ਵੀ ਆਪਣੇ ਸਟਾਫ ਨੂੰ ਟੀਕਾਕਰਨ ਦੀ ਜ਼ਰੂਰਤ ਬਾਰੇ ਆਦੇਸ਼ ਦਿੱਤੇ ਹਨ, ਜਦਕਿ ਅਗਸਤ ’ਚ ਯੂਨਾਈਟਿਡ ਏਅਰਲਾਈਨ ਅਜਿਹਾ ਕਰਨ ਵਾਲੀ ਪਹਿਲੀ ਵੱਡੀ ਏਅਰਲਾਈਨ ਸੀ। ਦੱਸਣਯੋਗ ਹੈ ਕਿ ਸਾਊਥਵੈਸਟ ’ਚ ਤਕਰੀਬਨ 54,000 ਕਰਮਚਾਰੀ ਹਨ।

Share