ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ ਮਿਲੀ 1500-1500 ਡਾਲਰ ਦੀ ਸਕਾਲਰਸ਼ਿਪ

749
Share

ਸਰੀ, 16 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਡੈਲਟਾ ਹੌਸਪੀਟਲ ਐਂਡ ਕਮਿਊਨਿਟੀ ਹੈਲਥ ਫਾਊਂਡੇਸ਼ਨ (ਡੀਐਚਸੀਐਚਐਫ) ਵੱਲੋਂ ਨੌਰਥ ਡੈਲਟਾ ਦੀਆਂ ਦੋ ਵਿਦਿਆਰਥਣਾਂ ਸਾਇਆ ਗਿੱਲ ਅਤੇ ਤਨਿਸ਼ਾ ਮਿਸ਼ਰਾ ਨੂੰ 1500-1500 ਡਾਲਰ ਦੀ ‘2021 ਰੌਬਰਟ ਟੀ. ਰੇਨੌਲਡਸ ਮੈਮੋਰੀਅਲ’ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਡੀਐਚਸੀਐਚਐਫ਼ ਦੇ ਕਾਰਜਕਾਰੀ ਡਾਇਰੈਕਟਰ ਲਿਜ਼ਾ ਹੌਗਲੰਡ ਨੇ ਦੱਸਿਆ ਕਿ ਸਾਇਆ ਗਿੱਲ ਨੂੰ ਪੜ੍ਹਾਈ, ਖੇਡਾਂ ਅਤੇ ਭਾਈਚਾਰੇ ਦੀ ਸੇਵਾ ਲਈ ਪਾਏ ਯੋਗਦਾਨ ਲਈ ਇਹ ਸਕਾਲਰਸ਼ਿਪ ਦਿੱਤੀ ਗਈ ਹੈ ਅਤੇ ਤਨਿਸ਼ਾ ਮਿਸਰਾ ਨੂੰ ਵਿਦਿਅਕ ਖੇਤਰ ਦੀਆਂ ਪ੍ਰਾਪਤੀਆਂ ਅਤੇ ਭਾਈਚਾਰੇ ਲਈ ਸਰਗਰਮ ਭੂਮਿਕਾ ਨਿਭਾਉਣ ਸਦਕਾ ਇਸ ਖਿਤਾਬ ਲਈ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਇਆ ਗਿੱਲ ਤੈਰਾਕੀ, ਫੁੱਟਬਾਲ ਤੇ ਵਾਲੀਬਾਲ ਦੀ ਕੋਚ ਹੈ ਅਤੇ ਭਾਈਚਾਰੇ ਦੇ ਹੋਰਨਾਂ ਨੌਜਵਾਨਾਂ ਲਈ ਇੱਕ ਮਾਰਗ ਦਰਸ਼ਕ ਬਣੀ ਹੋਈ ਹੈ। ਉਸ ਨੂੰ 11ਵੀਂ ਜਮਾਤ ਵਿੱਚ ਪੜ੍ਹਦਿਆਂ ਨੌਰਥ ਡੈਲਟਾ ਦੇ ਨੌਰਥਕ੍ਰੈਸਟ ਕੇਅਰ ਸੈਂਟਰ ਵਿਚ ਸਮਾਜ ਸੇਵਾ ਲਈ ਉਸ ਨੂੰ ਆਊਂਟ ਸਟੈਂਡਿੰਗ ਸੀਨੀਅਰ ਸਰਵਿਸ ਐਵਾਰਡ ਵੀ ਮਿਲ ਚੁੱਕਾ ਹੈ। ਉਹ ਡੈਲਟਾ ਸ਼ਹਿਰ ਦੀ ਕਮਿਊਨਿਟੀ ਵਲੰਟੀਅਰ, ਸਰੀ ਦੇ ਹੌਲੀ ਐਲੀਮੈਂਟਰੀ ਸਕੂਲ ਵਿਚ ਇੱਕ ਕਲਾਸਰੂਮ ਵਲੰਟੀਅਰ ਰਹਿ ਚੁੱਕੀ ਹੈ ਅਤੇ ਨੌਰਥਕ੍ਰੈਸਟ ਕੇਅਰ ਸੈਂਟਰ ਦਾ ਤਜਰਬਾ ਹੋਣ ਕਰਕੇ ਉਸ ਨੇ ਟੋਰਾਂਟੋ ਯੂਨੀਵਰਸਿਟੀ ਤੋਂ ਬੱਚਿਆਂ ਰੋਗ ਮਾਹਰ ਡਾਕਟਰ ਬਣਨ ਦੀ ਪੜ੍ਹਾਈ ਕਰਨ ਦਾ ਟੀਚਾ ਮਿੱਥਿਆ।
ਤਨਿਸ਼ਾ ਮਿਸਰਾ ਇੱਕ ਹੋਣਹਾਰ ਵਿਦਿਆਰਥਣ ਅਤੇ ਸਟੂਡੈਂਟ ਕੌਂਸਲ ਦੀ ਪ੍ਰਧਾਨ ਹੈ। ਉਹ ਕਲਾਸੀਕਲ ਡਾਂਸਰ ਵੀ ਹੈ ਅਤੇ ਵਲੰਟੀਅਰ ਤੌਰ ਤੇ ਵਿਦਿਆਰਥੀਆਂ ਨੂੰ ਡਾਂਸ ਦੀ ਸਿਖਲਾਈ ਦਿੰਦੀ ਹੈ। ਬੀ.ਸੀ. ਸਟੂਡੈਂਟ ਵੁਆਇਸ ਨਾਲ ਜੁੜ ਕੇ ਤਨਿਸ਼ਾ ਨੇ ਡੈਲਟਾ ਸਕੂਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦਿਆਂ ਇੱਕ ਮੰਚ ਬਣਾਇਆ ਹੈ, ਜਿੱਥੇ ਮੈਟਰੋ ਵੈਨਕੂਵਰ ਦੇ ਲੱਗਭੱਗ 200 ਨੌਜਵਾਨ ਮਾਨਸਿਕ ਸਿਹਤ ਅਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਪੇਸ਼ ਆ ਰਹੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਦੇ ਹਨ।


Share