ਸ਼ੋ੍ਰਮਣੀ ਕਮੇਟੀ ਦੇ ਬਜਟ ਇਜਲਾਸ ਸਬੰਧੀ ਮੁੱਖ ਸਕੱਤਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪੱਤਰ ਜਾਰੀ

691
Share

28 ਮਾਰਚ ਨੂੰ ਦੁਪਹਿਰ 1 ਵਜੇ ਹੋਵੇਗਾ ਬਜਟ ਇਜਲਾਸ
ਅੰਮ੍ਰਿਤਸਰ, 7 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 28 ਮਾਰਚ ਨੂੰ ਰੱਖੇ ਗਏ ਸਲਾਨਾ ਬਜਟ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸ਼ਾਮਲ ਹੋਣ ਲਈ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਰਜਿਸਟਰਡ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਬਜਟ ਇਜਲਾਸ 28 ਮਾਰਚ ਨੂੰ ਰੱਖਿਆ ਗਿਆ ਹੈ। ਬਜਟ ਇਜਲਾਸ ਸ਼੍ਰੋਮਣੀ ਕਮੇਟੀ ਦੇ ਇਥੇ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1:00 ਵਜੇ ਹੋਣਾ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬਜਟ ਇਜਲਾਸ ਸਬੰਧੀ ਪ੍ਰਬੰਧਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਇਕ ਰਜਿਸਟਰਡ ਪੱਤਰ ਰਾਹੀਂ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਰੱਸਟ ਫੰਡ, ਵਿਦਿਆ ਫੰਡ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰੇ, ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਅਤੇ ਪ੍ਰਿੰਟਿੰਗ ਪ੍ਰੈੱਸਾਂ ਦਾ ਸਾਲ 2020-2021 ਦਾ ਬਜਟ ਪੇਸ਼ ਹੋਵੇਗਾ। ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਕੁਲ 191 ਮੈਂਬਰਾਂ ਵਿੱਚੋਂ ਇਸ ਸਮੇਂ 173 ਮੈਂਬਰ ਮੌਜੂਦ ਹਨ। ਇਨ੍ਹਾਂ ਵਿਚ 6 ਸਿੰਘ ਸਾਹਿਬਾਨ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਕੁਲ ਮੈਂਬਰਾਂ ਵਿੱਚੋਂ 16 ਮੈਂਬਰ ਅਕਾਲ ਚਲਾਣਾ ਕਰ ਗਏ ਹਨ, ਜਦਕਿ 2 ਮੈਂਬਰ ਅਸਤੀਫ਼ਾ ਦੇ ਚੁੱਕੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ 173 ਮੈਂਬਰਾਂ ਨੂੰ ਬਜਟ ਇਜਲਾਸ ਵਿਚ ਸ਼ਾਮਲ ਹੋਣ ਲਈ ਪੱਤਰ ਜਾਰੀ ਕੀਤਾ ਗਿਆ ਹੈ।


Share