ਸ਼ਿਵ ਸੈਨਾ ਆਗੂ ‘ਤੇ ਹਮਲੇ ਮਗਰੋਂ ਪੁਲਿਸ ਨੇ ਲੁਧਿਆਣਾ ਦੇ 24 ਹਿੰਦੂ ਆਗੂਆਂ ਦੀ ਸੁਰੱਖਿਆ ਵਧਾਈ

767
Share

ਲੁਧਿਆਣਾ, 27 ਫਰਵਰੀ (ਪੰਜਾਬ ਮੇਲ)- ਸ਼ਿਵ ਸੈਨਾ ਆਗੂ ਅਮਿਤ ਅਰੋੜਾ ‘ਤੇ ਹੋਏ ਹਮਲੇ ਮਗਰੋਂ ਹਿੰਦੂ ਆਗੂਆਂ ਵੱਲੋਂ ਪੁਲਿਸ ਦੇ ਕੀਤੇ ਜਾ ਰਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ 24 ਹਿੰਦੂ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਹਮੇਸ਼ਾ ਨਫ਼ਰੀ ਘੱਟ ਹੋਣ ਦਾ ਰੋਣਾ ਰੋਣ ਵਾਲੀ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਸਨਅਤੀ ਸ਼ਹਿਰ ਦੇ 24 ਹਿੰਦੂ ਆਗੂਆਂ ਨੂੰ 38 ਗੰਨਮੈਨ ਦਿੱਤੇ ਹਨ।
ਪੁਲਿਸ ਨੇ ਬੁੱਧਵਾਰ ਸਵੇਰੇ ਸ਼ਹਿਰ ਦੇ ਹਿੰਦੂ ਆਗੂਆਂ ਦੇ ਘਰਾਂ ਵਿਚ ਗੰਨਮੈਨ ਭੇਜ ਦਿੱਤੇ, ਜੋ ਸਾਰਾ ਸਮਾਂ ਹਿੰਦੂ ਆਗੂਆਂ ਦੀ ਸੁਰੱਖਿਆ ਕਰਨਗੇ। ਇਨ੍ਹਾਂ ਵਿਚੋਂ ਸਭ ਤੋਂ ਵੱਧ 6 ਸੁਰੱਖਿਆ ਮੁਲਾਜ਼ਮ ਇਕ ਹਿੰਦੂ ਆਗੂ ਨੂੰ ਦਿੱਤੇ ਗਏ ਹਨ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਹਿੰਦੂ ਆਗੂਆਂ ਨੂੰ ਪਿਛਲੇ ਸਮੇਂ ਦੌਰਾਨ ਵੱਖ-ਵੱਖ ਗਰਮ ਖਿਆਲੀ ਗਰੁੱਪਾਂ ਵੱਲੋਂ ਧਮਕੀ ਮਿਲੀ ਸੀ ਅਤੇ ਹੁਣ ਦੁਬਾਰਾ ਹਿੰਦੂ ਆਗੂਆਂ ‘ਤੇ ਹੋ ਰਹੇ ਹਮਲਿਆਂ ਕਾਰਨ ਇਨ੍ਹਾਂ ਆਗੂਆਂ ਦੀ ਸੁਰੱਖਿਆ ਵਧਾਈ ਗਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਆਗੂ ਸ਼ਿਵ ਸੈਨਾ ਜਥੇਬੰਦੀਆਂ ਤੋਂ ਹਨ।
ਪਿਛਲੇ ਦਿਨੀਂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਗੱਡੀ ‘ਤੇ ਗੋਲੀ ਚੱਲਣ ਦੇ ਮਾਮਲੇ ਵਿਚ ਭਾਵੇਂ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਿਆ ਪਰ ਪੁਲਿਸ ਨੇ ਹਿੰਦੂ ਆਗੂਆਂ ਨੂੰ ਗੰਨਮੈਨ ਵੰਡ ਕੇ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਹੈ। ਦਰਅਸਲ, ਅਮਿਤ ਅਰੋੜਾ ‘ਤੇ ਹਮਲੇ ਤੋਂ ਬਾਅਦ ਸ਼ਹਿਰ ਵਿਚ ਹਿੰਦੂ ਜਥੇਬੰਦੀਆਂ ਪੁਲਿਸ ਦਾ ਵਿਰੋਧ ਕਰ ਰਹੀਆਂ ਸਨ। ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਕਰਨ ਵਿਚ ਫੇਲ੍ਹ ਸਾਬਤ ਹੋ ਰਹੀ ਹੈ। ਇਸੇ ਦੌਰਾਨ ਲੁਧਿਆਣਾ ਪੁਲਿਸ ਨੇ ਬੁੱਧਵਾਰ ਸਵੇਰੇ 24 ਹਿੰਦੂ ਆਗੂਆਂ ਨੂੰ ਗੰਨਮੈਨ ਦੇ ਦਿੱਤੇ। ਨਵੇਂ ਆਗੂਆਂ ਨੂੰ ਵੀ ਗੰਨਮੈਨ ਦਿੱਤੇ ਗਏ ਹਨ। ਪੁਲਿਸ ਦੇ ਇਸ ਫ਼ੈਸਲੇ ਮਗਰੋਂ ਕੁਝ ਹਿੰਦੂ ਜਥੇਬੰਦੀਆਂ ਵਿਚ ਰੋਸ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪੁਰਾਣੇ ਹਿੰਦੂ ਆਗੂਆਂ ਕੋਲ ਸੁਰੱਖਿਆ ਸੀ, ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ, ਉਨ੍ਹਾਂ ਨੂੰ ਪੁਲਿਸ ਨੇ ਸੁਰੱਖਿਆ ਨਹੀਂ ਦਿੱਤੀ, ਸਗੋਂ ਅਜਿਹੇ ਆਗੂਆਂ ਨੂੰ ਗੰਨਮੈਨ ਦਿੱਤੇ ਗਏ ਹਨ, ਜਿਨ੍ਹਾਂ ਦਾ ਹਿੰਦੂ ਸਮਾਜ ਵਿਚ ਕੋਈ ਯੋਗਦਾਨ ਨਹੀਂ।


Share