ਸ਼ਿਵਾਲਿਕ ਦੀ ਗੋਦ ਵਿਚ ਘੁਮੱਕੜਾਂ ਅਤੇ ਸੈਲਾਨੀਆਂ ਦਾ ਵੱਡਾ ਸਮਾਗਮ ਸਫਲਤਾਪੂਰਵਕ ਸਪੰਨ ਹੋਇਆ

42

ਹੁਸ਼ਿਆਰਪੁਰ, 28 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਹਾਇਕ ਐਂਡ ਟ੍ਰੈਕ ਕਲੱਬ ਹੁਸ਼ਿਆਰਪੁਰ ਅਤੇ “ਘੁਮੱਕੜ ਨਾਮਾ” ਗਰੁੱਪ ਪੰਜਾਬ ਵੱਲੋਂ ਪੰਜਾਬ ਵਣ ਵਿਭਾਗ, ਹੁਸ਼ਿਆਰਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਿਵਾਲਿਕ ਦੀ ਗੋਦ ਵਿਚ “ਘੁਮੱਕੜਾਂ ਅਤੇ ਸੈਲਾਨੀਆਂ” ਦਾ ਇੱਕ ਵੱਡਾ ਸੈਮੀਨਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਵਣ ਵਿਭਾਗ ਦੇ ਰੈਸਟ ਹਾਊਸ , ਨਾਰਾ (ਹੁਸ਼ਿਆਰਪੁਰ) ਵਿਖੇ 27-28 ਨਵੰਬਰ ਨੂੰ ਰੱਖਿਆ ਗਿਆ ਸੀ। ਇਹ ਸੈਮੀਨਾਰ ਵਣ ਵਿਭਾਗ ਦੇ ਅਫਸਰ ਸ਼੍ਰੀ ਸੰਜੀਵ ਕੁਮਾਰ ਤਿਵਾੜੀ (ਸੀ.ਐੱਫ.ਓ.) ਦੀ ਦੇਖ ਰੇਖ ਵਿੱਚ ਸਫਲਤਾਪੂਰਵਕ ਸਪੰਨ ਹੋਇਆ ਹੈ।
ਇਸ ਸੈਮੀਨਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਭਾਈਚਾਰੇ ਵਿੱਚ ਆਪਸੀ ਪਿਆਰ, ਮਿਲਣ ਮਿਲਾਪ ਨੂੰ ਵਧਾਵਾ ਦੇਣਾ ਸੀ ਅਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਲੈ ਕੇ ਆਉਣਾ ਸੀ। ਘੁਮੱਕੜਾਂ ਅਤੇ ਸੈਲਾਨੀਆਂ ਦੇ ਇਸ ਸੈਮੀਨਾਰ ਦੀ ਪੁਰੀ ਰੂਪ ਰੇਖਾ ਇਸ ਪ੍ਰਕਾਰ ਸੀ। 27 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁਦਰਤ ਪ੍ਰੇਮੀ ਅਤੇ ਬੁੱਧੀਜੀਵੀ ਹੁਸ਼ਿਆਰਪੁਰ ਦੇ ਪਿੰਡ ਜਹਾਨ ਖੇਲਾਂ, ਊਨਾ ਰੋਡ ‘ਤੇ ਇਕੱਠੇ ਹੋਏ ਅਤੇ ਫਿਰ 1:00 ਵਜੇ ਸਾਰੇ ਮਿਲ ਕੇ ਨਾਰਾ ਰੈਸਟ ਹਾਊਸ ਲਈ ਰਵਾਨਾ ਹੋਏ। ਰਾਤ ਨੂੰ ਸਭ ਨੇ ਆਪਣੇ-ਆਪਣੇ ਟੈਂਟਾਂ ਵਿੱਚ ਕੈਂਪਿੰਗ ਕੀਤੀ ਅਤੇ ਬੋਨ ਫਾਇਰ ਦੇ ਨਾਲ ਸੰਗੀਤ ਸਮਾਰੋਹ ਚਲਾਇਆ ਗਿਆ।
ਅੱਜ 28 ਨਵੰਬਰ ਦਿਨ ਸੋਮਵਾਰ ਨੂੰ ਸਭ ਨੇ ਸਵੇਰੇ 6 ਤੋਂ 9 ਵਜੇ ਤੱਕ ਨਜ਼ਦੀਕ ਹੀ ਸਾਇਕਲਿੰਗ, ਟਰੈਕਿੰਗ, ਹਾਇਕਿੰਗ, ਨੇਚਰ ਵਾਕ, ਜੰਗਲੀ ਜੀਵਨ ਦੀ ਫੋਟੋਗ੍ਰਾਫੀ ਅਤੇ ਆਫਰੋਡਿੰਗ ਵਰਗੀਆਂ ਸਾਹਸਿਕ ਗਤੀਵਿਧੀਆਂ ਵਿੱਚ ਭਾਗ ਲਿਆ। ਦੁਪਹਿਰ ਦੇ ਸਮੇਂ ਇੱਕ ਬਹੁਤ ਹੀ ਮਹੱਤਵਪੂਰਨ ਵਿਚਾਰ ਗੋਸ਼ਟੀ ਅਤੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਫੋਟੋਗ੍ਰਾਫੀ ਵਰਕਸ਼ਾਪ ਲਗਾਈ ਗਈ ਅਤੇ ਪੰਜਾਬ ਵਿੱਚ ਸੈਰ ਸਪਾਟੇ ਦੇ ਭਵਿੱਖ ਦੀਆਂ ਸੰਭਾਵਨਾ ਉਪਰ ਚਰਚਾ ਕੀਤੀ ਗਈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਹਸਿਕ ਗਤੀਵਿਧੀਆਂ ਨਾਲ ਜੋੜਨ ਦੇ ਪ੍ਰੋਗਰਾਮ ਉਲੀਕੇ ਗਏ। ਇਸ ਮੌਕੇ ਤੇ ਕਿਤਾਬਾਂ ਦੇ ਸਟਾਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੁਮੱਕੜਾਂ ਅਤੇ ਸੈਲਾਨੀਆਂ ਦੇ ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਅਤੇ ਦਿੱਲੀ ਤੋਂ ਵੀ ਸੈਲਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਅੰਤ ਵਿੱਚ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਸਾਰੇ ਸੈਲਾਨੀਆਂ ਨੂੰ ਹਾਇਕ ਐਂਡ ਟ੍ਰੈਕ ਕਲੱਬ ਹੁਸ਼ਿਆਰਪੁਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਦੇ ਇਤਿਹਾਸ ਵਿੱਚ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਰਮਣੀਕ ਸੈਮੀਨਾਰ ਸਿੱਧ ਹੋਇਆ।