ਸ਼ਰਾਬ ਕਾਰੋਬਾਰੀ ਸਿੰਗਲਾ ਦੀ ਚੰਡੀਗੜ੍ਹ ਰਿਹਾਇਸ਼ ਵਿਖੇ 31 ਮਈ ਨੂੰ ਹੋਈੇ ਗੋਲੀਬਾਰੀ ਦਾ ਮੁੱਖ ਸ਼ੂਟਰ ਤੇ ਇੱਕ ਹੋਰ ਗ੍ਰਿਫਤਾਰ

696
Share

ਚੰਡੀਗੜ੍ਹ, 19 ਜੂਨ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ 31 ਮਈ ਵਾਲੇ ਦਿਨ ਸ਼ਰਾਬ ਦੇ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਕੀਤੀ ਗਈ ਗੋਲੀਬਾਰੀ ਵਿੱਚ ਸ਼ਾਮਲ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ।
ਇੰਦਰਾ ਕਾਲੋਨੀ, ਝਬਾਲ ਰੋਡ, ਅੰਮ੍ਰਿਤਸਰ ਦਾ ਰਹਿਣ ਵਾਲੇ ਨਿਤਿਨ ਨਾਹਰ ਨੂੰ ਉਸਦੇ ਸਾਥੀ ਬਿਕਰਮਜੀਤ ਸਿੰਘ ਸਮੇਤ ਨੇੜੇ ਕਲਰ ਰਿਜੋਰਟਜ਼, ਅਟਾਰੀ ਰੋਡ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਉਸਨੂੰ ਸੁਰੱਖਿਅਤ ਛੁਪਣਗਾਹ ਮੁਹੱਈਆ ਕਰਵਾਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਅੰਮ੍ਰਿਤਸਰ (ਦਿਹਾਤੀ) ਪੁਲਿਸ ਅਤੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਸਾਂਝੀ ਟੀਮ ਦੁਆਰਾ ਕੀਤੀ ਗਈ ਖੁਫੀਆ ਅਗਵਾਈ ਵਾਲੀ ਕਾਰਵਾਈ ਦੌਰਾਨ ਅਮਲ ਵਿਚ ਲਿਆਂਦੀ ਗਈ ਹੈ।
ਮੁੱਢਲੀ ਜਾਂਚ ਵਿੱਚ ਨਿਤਿਨ ਦੇ ਬਿਆਨ ਮੁਤਾਬਕ,ੳਹ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਬੌਬੀ ਮਲਹੋਤਰਾ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ ਅਤੇ ਅੱਗੇ ਉਹ ਲਾਰੈਂਸ ਬਿਸ਼ਨੋਈ ਸਮੂਹ ਨਾਲ ਵੀ ਸਬੰਧਤ ਸੀ, ਜਿਸ ਨੇ ਅਰਵਿੰਦ ਸਿੰਗਲਾ ਦੇ ਸੈਕਟਰ 33 ਦੇ ਘਰ ’ਤੇ ਹਮਲੇ ਦਾ ਆਦੇਸ਼ ਦਿੱਤਾ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਨੇ ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਕਿਹਾ ਗਿਆ ਸੀ।
ਨਿਤਿਨ ਦੇ ਕਬਜ਼ੇ ਵਿਚੋਂ ਇਕ 0.32 ਕੈਲੀਬਰ ਪਿਸਟਲ, 40 ਜਿੰਦਾ ਕਾਰਤੂਸਾਂ , ਇਕ .315 ਕੈਲੀਬਰ ਪਿਸਟਲ ਦੇ ਨਾਲ, 10 ਜਿੰਦਾ ਕਾਰਤੂਸ, ਜੁਰਮ ਵਿਚ ਵਰਤੇ ਗਏ ਸਨ, ਬਰਾਮਦ ਕੀਤੇ ਗਏ ਹਨ। ਨਿਤਿਨ ਪਹਿਲਾਂ ਹੀ ਅੰਮ੍ਰਿਤਸਰ ਦੀਆਂ ਤਿੰਨ ਹੋਰ ਫਾਇਰਿੰਗ ਦੀਆਂ ਘਟਨਾਵਾਂ ਵਿਚ ਲੋੜੀਂਦਾ ਸੀ, ਜਿਸ ਵਿਚ ਉਸ ਦੇ ਵਿਰੋਧੀ ਗਰੁੱਪ ਦੇ ਮੈਂਬਰ ਵਿਪਨ ਕੁਮਾਰ (ਜਨਵਰੀ 2020 ਵਿਚ) ਅਤੇ ਲਵ ਕੁਮਾਰ (ਫਰਵਰੀ 2020 ਵਿਚ) ਅਤੇ ਅਪ੍ਰੈਲ ਵਿਚ ਅੰਮ੍ਰਿਤਸਰ ਦੇ ਝਬਾਲ ਰੋਡ ਵਿਖੇ ਹੋਏ ਇਕ ਪੁਰਾਣੇ ਕੇਸ ਦੀ ਸਿ਼ਕਾਇਤ ਸ਼ਾਮਲ ਹੈ।
ਪੁੱਛਗਿੱਛ ਦੌਰਾਨ ਨਿਤਿਨ ਨਾਹਰ ਨੇ ਦੱਸਿਆ ਕਿ 31 ਮਈ ਨੂੰ ਉਸ ਨੂੰ ਬੌਬੀ ਮਲਹੋਤਰਾ ਨੇ ਹਮਲਾ ਕਰਨ ਲਈ ਨਿਰਦੇਸ਼ ਦਿੱਤਾ ਸੀ ਅਤੇ ਲਾਰੈਂਸ ਬਿਸ਼ਨੋਈ ਨੇ ਇੱਕ ਕਾਲੀ ਔਡੀ ਕਾਰ ਉਸਨੂੰ ਲੁਧਿਆਣਾ ਤੋਂ ਲੈਣ ਲਈ ਭੇਜੀ ਸੀ ਅਤੇ ਉਸਨੂੰ ਚੰਡੀਗੜ੍ਹ ਦੇ ਬਾਹਰ ਬਾਹਰ ਛੱਡ ਦਿੱਤਾ ਗਿਆ ਸੀ। ਬਾਅਦ ਵਿਚ ਉਸ ਨੂੰ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਹੋਰ ਮੁਲਜ਼ਮਾਂ ਨੇ ਸਿਲਵਰ ਫੋਰਡ ਆਈਕੋਨ ਕਾਰ ਵਿਚ ਬਿਠਾ ਲਿਆ। ਫੇਰ ਉਹ ਸਾਰੇ ਇਕੱਠੇ ਸੈਕਟਰ 33 ਚਲੇ ਗਏ ਅਤੇ ਕਾਰੋਬਾਰੀ ਦੇ ਘਰ `ਤੇ ਫਾਇਰਿੰਗ ਕੀਤੀ। ਇਸ ਵਾਰਦਾਤ ਵਿਚ ਨਿਤਿਨ ਨਾਹਰ ਮੁੱਖ ਸ਼ੂਟਰ ਸੀ ਅਤੇ ਉਸਨੇ ਗੋਲੀਬਾਰੀ ਵਿਚ .32 ਬੋਰ ਦੇ ਪਿਸਤੌਲ ਦੀ ਵਰਤੋਂ ਕੀਤੀ ਸੀ।
ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਨਿਤਿਨ ਨੂੰ ਦੂਜੇ ਸਹਿ ਮੁਲਜ਼ਮ ਨੇ ਖਰੜ ਤੋਂ ਬਾਹਰ ਉਤਾਰ ਦਿੱਤਾ ਅਤੇ ਉੱਥੋਂ ਉਸਨੂੰ ਬੌਬੀ ਮਲਹੋਤਰਾ ਦੇ ਨਿਰਦੇਸ਼ਾਂ `ਤੇ ਇੱਕ ਚਿੱਟੀ ਬੋਲੇਰੋ ਕਾਰ ਵਿੱਚ ਅੰਮ੍ਰਿਤਸਰ ਸਥਿਤ ਇੱਕ ਸੁਰੱਖਿਅਤ ਛੁਪਣਗਾਹ ਤੇ ਛੱਡ ਦਿੱਤਾ ਗਿਆ।
ਇਸ ਸਬੰਧੀ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 81, ਮਿਤੀ: 19.06.2020, ਧਾਰਾ 392, 395, 386, 384, 25, 54, 59 ਅਸਲਾ ਐਕਟ ਅਤੇ ਆਈਪੀਸੀ ਦੀ ਧਾਰਾ 121, 121 ਏ, 120 ਬੀ, ਥਾਣਾ ਘਰੀਂਦਾ, ਜਿ਼ਲ੍ਹਾ ਅੰਮ੍ਰਿਤਸਰ (ਦਿਹਾਤੀ) ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।


Share