ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਮੋਡੈਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ

40

ਮੋਡੈਸਟੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਮੋਡੈਸਟੋ ਦੇ ਲਾਗਲੇ ਸ਼ਹਿਰ ਰਿਪਨ ਦੇ ਕਮਿਊਨਿਟੀ ਸੈਂਟਰ ਵਿਖੇ ਮੋਡੈਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜ਼ਿੰਗ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪਹੁੰਚਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲੀ ਪਾਏ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿਚ ਡਾ. ਹਰਕੇਸ਼ ਸਿੰਘ ਸੰਧੂ ਦੇ ਯਤਨਾਂ ਸਦਕੇ ਹੋਂਦ ਵਿਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ-ਵਿਦੇਸ਼ਾਂ ਵਿਚ ਲੰੜਵੰਦ ਲੋਕਾਂ ਅਤੇ ਬੱਚਿਆਂ ਦੀ ਪੜ੍ਹਾਈ ਲਈ ਉਪਰਾਲੇ ਕਰ ਰਹੀ ਹੈ। ਇਸ ਸਮਾਗਮ ਦੀ ਸ਼ੁਰੂਆਤ ਹਰਸਿਮਰਨ ਸੰਗਰਾਮ ਸਿੰਘ ਨੇ ਸਭਨਾਂ ਨੂੰ ਨਿੱਘੀ ਜੀ ਆਖਦਿਆਂ ਸਹਾਇਤਾ ਸੰਸਥਾ ਦੇ ਕੰਮਾਂ ਤੋਂ ਸੰਗਤ ਨੂੰ ਜਾਣੂ ਕਰਾਉਂਦਿਆਂ ਕੀਤੀ। ਸਪਾਂਸਰਾਂ ਨੇ ਇਸ ਮੌਕੇ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧਤਾ ਪ੍ਰਗਟਾਈ। ਹਰਸਿਮਰਨ ਸੰਗਰਾਮ ਸਿੰਘ ਨੇ ਸੰਸਥਾ ਦੀਆਂ ਉਪਲੱਭਦੀਆਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਲਜੀਤ ਸਿੰਘ ਖਹਿਰਾ, ਅੰਮ੍ਰਿਤ ਧਾਲੀਵਾਲ, ਰੂਬੀ ਵੜੈਚ ਦੀ ਜ਼ੁਬਾਨੀ ਗੂੰਗੇ-ਬਹਿਰੇ ਅਤੇ ਬੇਘਰੇ ਬੱਚੇ-ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨਮ ਹੋ ਗਈ। ਜਗਦੀਪ ਸਿੰਘ ਸਹੋਤਾ ਨੇ ਵੀਡੀਓ ਚਲਾਕੇ ਸਹਾਇਤਾ ਦੇ ਕੰਮਾਂ ‘ਤੇ ਪੰਛੀ ਝਾਤ ਪਵਾਈ। ਕਸ਼ਮੀਰ ਸਿੰਘ ਗਿੱਲ ਨੇ ਦੱਸਿਆ ਕਿ ਸਹਾਇਤਾ ਸੰਸਥਾ ਜਿਹੜੀ ਕਿ 2005 ਤੋਂ ਮਨੁੱਖਤਾ ਦੀ ਸੇਵਾ ਲਈ ਨਿਰਸਵਾਰਥ ਕਾਰਜ ਕਰਕੇ ਚਰਚਾ ਵਿਚ ਰਹੀ ਹੈ। ਇਹ ਸੰਸਥਾ ਦਾਨੀ ਸੱਜਣਾਂ ਦੇ ਸਾਥ ਨਾਲ ਦੀਨ-ਦੁੱਖੀ ਦੀ ਮਦਦ ਕਰਦੀ ਆ ਰਹੀ ਹੈ, ਅਤੇ ਇਸ ਸ਼ੁੱਭ-ਕਾਰਜ ਲਈ ਮੋਡੈਸਟੋ ਏਰੀਏ ਦੇ ਸਮੂਹ ਸਪਾਂਸਰ ਸੱਜਣਾਂ ਨੂੰ ਵਧਾਈ ਦਿੱਤੀ ਅਤੇ ਆਏ ਉਨ੍ਹਾਂ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਿੱਥੇ ਸਹਾਇਤਾ ਨੇ ਆਪਣੇ ਕੰਮਾਂ ਤੋਂ ਦਾਨੀ ਸੱਜਣਾਂ ਨੂੰ ਜਾਣੂ ਕਰਵਾਇਆ, ਉਥੇ ਇਸ ਸਮਾਗਮ ਦੌਰਾਨ ਡੀ.ਜੇ. ਰੂਬੀ, ਰਾਇਲ ਡੀਕੋਰ ਅਤੇ ਅਮਰ ਇੰਡੀਆ ਕੁਜ਼ੀਨ ਅਤੇ ਬੈਂਕੁਇਟ ਹਾਲ ਫੇਅਰਫੀਲਡ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਰੀਬ 41701 ਡਾਲਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਤਰ ਹੋਏ।